ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਖੇਤਰ 'ਚੋਂ ਨਿਕਲਦੀ ਘੱਗਰ ਨਦੀ ਮਾਈਨਿੰਗ ਮਾਫ਼ੀਆ ਲਈ ਸੋਨੇ ਦੀ ਖਾਣ ਬਣ ਚੁੱਕੀ ਹੈ | ਬੀਤੇ ਦਿਨੀਂ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਦੀ ਆੜ ਹੇਠ ਮਾਈਨਿੰਗ ਮਾਫ਼ੀਆ ਨੇ ਰੱਜ ਕੇ ਘੱਗਰ 'ਚੋਂ ਰੇਤ ਅਤੇ ਗਰੈਵਲ ਚੋਰੀ ਕਰਕੇ ਆਪਣੀ ਜੇਬਾਂ ਭਰੀਆਂ ਹਨ ਅਤੇ ਇਨ੍ਹਾਂ ਨੂੰ ਰੋਕਣ 'ਚ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ | ਮਾਈਨਿੰਗ ਮਾਫ਼ੀਆ ਰੋਜ਼ਾਨਾ ਸਰਕਾਰ ਨੂੰ ਲੱਖਾਂ ਰੁ. ਦਾ ਚੂਨਾ ਲਗਾ ਰਿਹਾ ਹੈ, ਪਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹਨ | ਜਾਣਕਾਰੀ ਮੁਤਾਬਕ ਮੌਨਸੂਨ ਦੌਰਾਨ ਪੰਜਾਬ ਅਤੇ ਨੇੜਲੇ ਹਿਮਾਚਲ 'ਚ ਪਹਿਲਾਂ ਤੋਂ ਵਾਧੂ ਮੀਂਹ ਪਿਆ ਸੀ, ਜਿਸ ਕਾਰਨ ਸੂਬੇ 'ਚ ਹੜ੍ਹ ਆ ਗਏ ਸਨ | ਇਸ ਦੀ ਜਿਥੇ ਕਿਸਾਨਾਂ ਅਤੇ ਹੋਰਨਾਂ ਪੰਜਾਬੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਈ, ਉਥੇ ਹੀ ਦੂਜੇ ਪਾਸੇ ਇਨ੍ਹਾਂ ਹੜ੍ਹਾਂ ਕਾਰਨ ਸੂਬੇ ਦੇ ਦਰਿਆ ਅਤੇ ਨਦੀਆਂ 'ਚ ਪਹਿਲਾਂ ਤੋਂ ਪਹਾੜਾਂ ਤੋਂ ਵਾਧੂ ਰੇਤ ਅਤੇ ਗਰੈਵਲ ਹੜ੍ਹ ਕੇ ਆ ਗਿਆ | ਇਸ ਦਾ ਲਾਹਾ ਚੁੱਕਣ ਲਈ ਸੂਬੇ 'ਚ ਮਾਈਨਿੰਗ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ | ਡੇਰਾਬੱਸੀ ਖੇਤਰ 'ਚ ਲੰਘਦੀ ਘੱਗਰ ਨਦੀ ਅਤੇ ਇਸ ਦੇ ਨੇੜੇ ਲੱਗਦੀਆਂ ਜ਼ਮੀਨਾਂ 'ਚ ਮਾਈਨਿੰਗ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ | ਇਥੋਂ ਦੇ ਪਿੰਡ ਕਕਰਾਲੀ ਅਤੇ ਮੁਬਾਰਕਪੁਰ ਖੇਤਰ 'ਚ ਮਾਈਨਿੰਗ ਮਾਫ਼ੀਆ ਰਾਤ ਹੁੰਦੇ ਹੀ ਪੌਕਲੇਨ ਅਤੇ ਜੇ. ਸੀ. ਬੀ. ਮਸ਼ੀਨਾਂ ਲੈ ਕੇ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ 'ਚ ਵੜ੍ਹ ਜਾਂਦਾ ਹੈ ਅਤੇ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਰਾਹੀਂ ਰੇਤ ਅਤੇ ਗਰੈਵਲ ਦੀ ਚੋਰੀ ਕਰ ਰਿਹਾ ਹੈ | ਇਹ ਮਾਈਨਿੰਗ ਮਾਫ਼ੀਆ ਇੰਨਾ ਬੇਖ਼ੌਫ ਹੋ ਚੁੱਕਾ ਹੈ ਕਿ ਰਾਤ ਨੂੰ ਪਿੰਡਾਂ 'ਚੋਂ ਘੱਗਰ ਨਦੀ ਵੱਲ ਜਾਣ ਵਾਲੇ ਰਾਹ 'ਤੇ ਇਨ੍ਹਾਂ ਦੇ ਲੋਕ ਪਹਿਰਾ ਦਿੰਦੇ ਹਨ, ਜੋ ਕਿ ਗੁੰਡਾਗਰਦੀ ਕਰਦੇ ਹਨ | ਇਨ੍ਹਾਂ ਦੇ ਡਰ ਤੋਂ ਰਾਤ ਦੇ ਹਨ੍ਹੇਰੇ 'ਚ ਕੋਈ ਵੀ ਇਸ ਪਾਸੇ ਨਹੀਂ ਜਾਂਦਾ | ਤਿਉਹਾਰਾਂ ਦੇ ਮੱਦੇਨਜ਼ਰ ਮਾਫ਼ੀਆ ਰਾਤ ਦੇ ਨਾਲ ਦਿਨ ਵੇਲੇ ਵੀ ਖੁੱਲ੍ਹੇਆਮ ਮਾਈਨਿੰਗ ਕਰ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਰਾਤ ਹੁੰਦਾ ਹੀ 100 ਦੇ ਕਰੀਬ ਟਰੈਕਟਰ-ਟਰਾਲੀਆਂ ਪਿੰਡ 'ਚੋਂ ਨਿਕਲ ਕੇ ਘੱਗਰ 'ਚ ਉਤਰ ਜਾਂਦੇ ਹਨ | ਗੱਲ ਕਰਨ 'ਤੇ ਐਸ. ਡੀ. ਐਮ. ਅਮਿਤ ਗੁਪਤਾ ਨੇ ਕਿਹਾ ਕਿ ਇਸ ਸੰਬੰਧੀ ਮਾਈਨਿੰਗ ਵਿਭਾਗ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਗੱਲ ਕਰਨ 'ਤੇ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਰਵਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਜਦੋਂ ਉਹ ਮੌਕੇ 'ਤੇ ਛਾਪਾ ਮਾਰਦੇ ਹਨ ਤਾਂ ਮਾਈਨਿੰਗ ਮਾਫ਼ੀਆ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਮਾਈਨਿੰਗ ਮਾਫ਼ੀਆ ਖ਼ਿਲਾਫ਼ ਵੱਡੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |