ਮੁੱਲਾਂਪੁਰ ਗਰੀਬਦਾਸ, 4 ਨਵੰਬਰ (ਦਿਲਬਰ ਸਿੰਘ ਖੈਰਪੁਰ)-ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆ 'ਤੇ ਪ੍ਰਤੀਕਿ੍ਆ ਦਿੰਦਿਆਂ ਸਰਕਾਰ ਨੂੰ ਗੰਭੀਰ ਹੋ ਕੇ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਗੁਰਮੀਤ ਸਿੰਘ ਸ਼ਾਂਟੂ, ਸੂਬਾ ਜਨਰਲ ਸਕੱਤਰ ਰਵਿੰਦਰ ਸਿੰਘ ਬਜੀਦਪੁਰ, ਜਿਲ੍ਹਾ ਪ੍ਰਧਾਨ ਭਗਤ ਸਿੰਘ ਭਗਤਮਾਜਰਾ, ਸੂਬਾ ਸਕੱਤਰ ਮਨਦੀਪ ਸਿੰਘ ਖਿਜ਼ਰਾਬਾਦ ਸਰਕਲ ਮੁੱਲਾਂਪੁਰ, ਮੀਤ ਪ੍ਰਧਾਨ ਰਘਵੀਰ ਸਿੰਘ ਸੰਗਾਲਾ ਤੇ ਕਿਸਾਨ ਆਗੂ ਦਰਸ਼ਨ ਸਿੰਘ ਖੇੜਾ ਨੇ ਜਾਰੀ ਇਕ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਤੇ ਬਹਿਬਲ ਕਲਾਂ ਤੇ ਨਸ਼ਿਆਂ ਦੇ ਦੋਸ਼ੀਆਂ ਖ਼ਿਲਾਫ਼ ਕੀਤੇ ਵਾਅਦੇ ਅਨੁਸਾਰ ਕਾਰਵਾਈ ਕਰਨ ਅਤੇ ਸਹਿਕਾਰੀ ਸਭਾਵਾਂ 'ਚ ਡੀ. ਏ. ਪੀ. ਤੇ ਯੂਰੀਆਂ ਖਾਦ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਵਿਧਾਇਕਾਂ ਦੇ ਭੱਤੇ ਵਧਾਉਣ ਦਾ ਵਿਰੋਧ ਕਰਦਿਆਂ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਵਿਧਾਇਕਾਂ ਕੋਲ ਪਹਿਲਾਂ ਹੀ ਵਾਧੂ ਆਮਦਨ ਹੈ | ਇਸ ਲਈ ਇਹ ਪੈਸਾ ਲੋੜਵੰਦਾਂ ਦੇ ਕੱਚੇ ਮਕਾਨਾਂ 'ਤੇ ਲਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਵਾਰ-ਵਾਰ ਦਰਖਾਸਤਾਂ ਦੇਣ 'ਤੇ ਵੀ ਕੋਈ ਪੈਸਾ ਨਹੀਂ ਮਿਲਿਆ ਤੇ ਕੱਚੀਆਂ ਛੱਤਾਂ ਡਿੱਗਣ ਨਾਲ ਆਮ ਹਾਦਸੇ ਹੋ ਰਹੇ ਹਨ | ਮਿਸ਼ਨ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਭਿ੍ਸ਼ਟਾਚਾਰ ਦੇ ਮੁਲਜ਼ਮ ਅਫ਼ਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਹੋਈ ਹੈ, ਪਰ ਹੇਠਲੇ ਪੱਧਰ 'ਤੇ ਭਿ੍ਸ਼ਟਾਚਾਰ ਉਸੇ ਤਰ੍ਹਾਂ ਚੱਲ ਰਿਹਾ ਹੈ |