ਐੱਸ. ਏ. ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਸ਼ਿਕਾਇਤ ਪ੍ਰਾਪਤ ਹੋਣ 'ਤੇ ਇਕ ਐੱਨ. ਆਰ. ਆਈ. ਵਿਰੁੱਧ ਵਿਦੇਸ਼ ਭੇਜਣ ਦੇ ਨਾਂਅ 'ਤੇ 19 ਲੱਖ ਰੁਪਏ ਦੀ ਠੱਗੀ ਦਾ ਕਰਨ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬੜੀ ਪਿੰਡ ਦੇ ਰਹਿਣ ਵਾਲੇ ਕਮਲਜੀਤ ਨੇ ਦੱਸਿਆ ਕਿ ਉਹ ਐੱਨ. ਆਰ. ਆਈ. ਇੰਦਰਜੀਤ ਸਿੰਘ ਵਾਸੀ ਚੰਡੀਗੜ੍ਹ ਹਾਲ ਵਾਸੀ ਅਸਟ੍ਰੇਲੀਆ ਨੂੰ ਆਪਣੇ ਇਕ ਸਾਂਝੇ ਦੋਸਤ ਰਾਹੀਂ ਮਿਲਿਆ ਸੀ | ਐੱਨ. ਆਰ. ਆਈ. ਇੰਦਰਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਮੁੰਡੇ ਨੂੰ ਕੁੱਲ 35 ਲੱਖ ਰੁਪਏ ਦੇ ਬਦਲੇ ਅਸਟ੍ਰੇਲੀਆ ਲੈ ਜਾਣ ਦਾ ਪ੍ਰਸਤਾਵ ਰੱਖਿਆ ਅਤੇ ਉਸ ਨੇ 17 ਲੱਖ ਪਹਿਲਾਂ ਤੇ 18 ਲੱਖ ਲੜਕੇ ਦੇ ਵਿਦੇਸ਼ ਪਹੁੰਚਣ 'ਤੇ ਦੇਣ ਲਈ ਕਿਹਾ, ਜਿਸ 'ਤੇ ਸ਼ਿਕਾਇਤਕਰਤਾ ਨੇ ਪਹਿਲਾਂ 10 ਲੱਖ ਬੈਂਕ ਟਰਾਂਸਫਰ ਰਾਹੀਂ 18 ਮਾਰਚ 2023 ਨੂੰ ਭੇਜੇ, ਜਿਸ ਤੋਂ ਬਾਅਦ 28 ਤੇ 29 ਅਕਤੂਬਰ ਨੂੰ ਲੜੀਵਾਰ 2 ਲੱਖ ਅਤੇ 5 ਲੱਖ ਰੁਪਏ ਉਸ ਨੇ ਐੱਨ. ਆਰ. ਆਈ. ਨੂੰ ਨਕਦ ਦਿੱਤੇ ਅਤੇ ਇਸ ਤੋਂ ਬਾਅਦ ਦਬਾਅ ਹੇਠ ਆ ਕੇ ਸ਼ਿਕਾਇਤਕਰਤਾ ਨੇ ਹੋਰ 2 ਲੱਖ ਰੁਪਏ 31 ਅਕਤੂਬਰ ਨੂੰ ਐੱਨ. ਆਰ. ਆਈ. ਨੂੰ ਦੇ ਦਿੱਤੇ | ਉਸ ਤੋਂ ਬਾਅਦ ਐੱਨ. ਆਰ. ਆਈ. ਵਾਪਸ ਅਸਟ੍ਰੇਲੀਆ ਚਲਾ ਗਿਆ ਅਤੇ ਕਮਲਜੀਤ ਸਿੰਘ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ | ਉਪਰੰਤ 26 ਫਰਵਰੀ 2025 ਨੂੰ ਇੰਦਰਜੀਤ ਸਿੰਘ ਦੇ ਵਾਪਸ ਭਾਰਤ ਆਉਣ 'ਤੇ ਸ਼ਿਕਾਇਤਕਰਤਾ ਨੇ ਮੁੜ ਤੋਂ ਉਸ ਨਾਲ ਸੰਪਰਕ ਕੀਤਾ ਅਤੇ ਆਪਣੇ ਲੜਕੇ ਨੂੰ ਬਾਹਰ ਭੇਜਣ ਲਈ ਜ਼ੋਰ ਪਾਇਆ, ਜਿਸ ਤੇ ਕਥਿਤ ਤੌਰ 'ਤੇ ਐੱਨ. ਆਰ. ਆਈ. ਨੇ ਕਮਲਜੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ | ਇਸ ਤੋਂ ਬਾਅਦ ਥੱਕ ਹਾਰ ਕੇ ਕਮਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਅਤੇ ਪੈਸਿਆਂ ਦੇ ਲੈਣ-ਦੇਣ ਦੇ ਸਾਰੇ ਸਬੂਤ ਵੀ ਜਮਾਂ ਕਰਵਾ ਦਿੱਤੇ | ਮੁੱਢਲੀ ਜਾਂਚ ਕਰਨ ਤੋਂ ਬਾਅਦ ਮੁਹਾਲੀ ਪੁਲਿਸ ਨੇ ਐੱਨ. ਆਰ. ਆਈ. ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਹਾਲ ਹੀ ਵਿਚ ਮਾਮਲਾ ਦਰਜ ਕੀਤਾ ਹੈ |