ਡੇਰਾਬੱਸੀ, 19 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਤੋਂ ਬਸਪਾ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਸਤੀਸ਼ ਸ਼ਰਮਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਉਹ ਕਾਂਗਰਸ ਤੋਂ ਡੇਰਾਬੱਸੀ ਦੇ ਸ਼ਹਿਰੀ ਪ੍ਰਧਾਨ ਅਤੇ ਬਾਅਦ 'ਚ ਬਸਪਾ ਦੇ ਸਰਗਰਮ ਆਗੂ ਰਹੇ ਸਨ | ਉਨ੍ਹਾਂ ਦੇ ਪਰਿਵਾਰ ਵਲੋਂ ਮਰਨ ਉਪਰੰਤ ਸਤੀਸ਼ ਸ਼ਰਮਾ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ | ਜਾਣਕਾਰੀ ਅਨੁਸਾਰ ਸਤੀਸ਼ ਸ਼ਰਮਾ (62) ਪੁੱਤਰ ਸਵ. ਕਿ੍ਸ਼ਨ ਕੁਮਾਰ ਸ਼ਰਮਾ ਵਾਸੀ ਸ਼ਕਤੀ ਨਗਰ ਡੇਰਾਬੱਸੀ ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ ਸੀ | ਉਹ ਪਿਛਲੇ ਸੱਤ ਮਹੀਨਿਆਂ ਤੋਂ ਲੀਵਰ ਦੇ ਕੈਂਸਰ ਤੋਂ ਪੀੜਤ ਸਨ ਅਤੇ ਮੁਹਾਲੀ ਦੇ ਲੀਵਰ ਇੰਸਟੀਚਿਊਟ ਐਂਡ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ | ਸਤੀਸ਼ ਸ਼ਰਮਾ ਨੇ 2012 'ਚ ਬਸਪਾ ਦੀ ਟਿਕਟ 'ਤੇ ਡੇਰਾਬੱਸੀ ਹਲਕੇ ਤੋਂ ਵਿਧਾਇਕ ਦੀ ਚੋਣ ਵੀ ਲੜੀ ਸੀ, ਜਿਸ 'ਚ ਉਨ੍ਹਾਂ ਨੂੰ 5333 ਵੋਟਾਂ ਮਿਲੀਆਂ ਸਨ | ਪਰਿਵਾਰ ਦੇ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਬਿਮਾਰੀ ਕਾਰਨ ਉਨ੍ਹਾਂ ਦੀ ਤਬੀਅਤ ਲਗਾਤਾਰ ਖ਼ਰਾਬ ਹੁੰਦੀ ਗਈ ਅਤੇ ਮੰਗਲਵਾਰ ਰਾਤ ਉਹ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਪਰਿਵਾਰ ਵਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ, ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਤੋਂ ਪਹੁੰਚੀ ਵਿਸ਼ੇਸ਼ ਟੀਮ ਵਲੋਂ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ, ਜਿਸ ਨਾਲ ਦੋ ਮਰੀਜ਼ਾਂ ਹਨ੍ਹੇਰੀ ਜ਼ਿੰਦਗੀ 'ਚ ਚਾਨਣਾ ਹੋਵੇਗਾ | ਸਵ. ਸਤੀਸ਼ ਸ਼ਰਮਾ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ | ਬੁੱਧਵਾਰ ਦੁਪਹਿਰ ਡੇਰਾਬੱਸੀ ਦੇ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤੀ ਗਿਆ, ਜਿਸ ਮੌਕੇ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ, ਸਾਕ-ਸੰਬੰਧੀ ਅਤੇ ਸਥਾਨਕ ਪਤਵੰਤੇ ਹਾਜ਼ਰ ਸਨ |