15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਤਲ ਮਾਮਲੇ 'ਚ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਤੇ 50-50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ

ਅਜੀਤ ਡੈਸਕ 04-12-2025
ਐੱਸ. ਏ. ਐੱਸ. ਨਗਰ, 3 ਦਸੰਬਰ (ਕਪਿਲ ਵਧਵਾ)-ਸੱਤ ਸਾਲ ਪਹਿਲਾਂ ਬੜਮਾਜਰਾ ਕਾਲੋਨੀ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਮੁਹਾਲੀ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਅੰਤਿਮ ਫ਼ੈਸਲਾ ਸੁਣਾਉਂਦੇ ਹੋਏ ਚਾਰ ਦੋਸ਼ੀਆਂ ਭਗਵਾਨ ਦੱਤ, ਦੇਵ ਆਨੰਦ, ਦੀਪਕ ਕੁਮਾਰ ਅਤੇ ਪ੍ਰੇਮ ਚੰਦ ਨੂੰ ਉਮਰ ਕੈਦ ਅਤੇ 50-50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਸਾਰੇ ਦੋਸ਼ੀਆਂ ਨੂੰ ਧਾਰਾ 302/149, 148 ਅਤੇ 323/149 ਆਈ. ਪੀ. ਸੀ. ਅਧੀਨ ਦੋਸ਼ੀ ਕਰਾਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 27 ਅਗਸਤ 2018 ਨੂੰ ਉਦੋਂ ਦਰਜ ਕੀਤਾ ਗਿਆ ਸੀ, ਜਦੋਂ ਪੁਲਿਸ ਨੂੰ ਪੀ. ਜੀ. ਆਈ. ਚੰਡੀਗੜ੍ਹ ਤੋਂ ਇਕ ਜ਼ਖ਼ਮੀ ਵਿਅਕਤੀ ਦੀ ਜ਼ੇਰੇ ਇਲਾਜ਼ ਮੌਤ ਹੋਣ ਦੀ ਸੂਚਨਾ ਮਿਲੀ ਸੀ | ਅਸਲ 'ਚ ਬੜਮਾਜਰਾ ਕਾਲੋਨੀ ਵਿਚ ਝਗੜੇ ਦੌਰਾਨ ਪਰਸ਼ੂਰਾਮ ਨਾਂਅ ਦੇ ਨੌਜਵਾਨ ਨੂੰ ਲੋਹੇ ਦੀਆਂ ਰਾਡਾਂ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ | ਝਗੜਾ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਸ਼ਿਕਾਇਤਕਰਤਾ ਸ਼ਿਆਮ ਬਹਾਦਰ ਨੇ ਠੇਕੇਦਾਰ ਦੇਵ ਆਨੰਦ ਤੋਂ ਆਪਣੀ ਦਿਹਾੜੀ ਦੇ 300 ਰੁ. ਮੰਗੇ | ਇਸ 'ਤੇ ਦੇਵ ਆਨੰਦ ਅਤੇ ਉਸ ਦੇ ਭਰਾਵਾਂ ਨੇ ਸ਼ਿਆਮ ਬਹਾਦਰ 'ਤੇ ਹਮਲਾ ਕਰ ਦਿੱਤਾ | ਇਸੇ ਦੌਰਾਨ ਪਰਸ਼ੂਰਾਮ ਜਿਵੇਂ ਹੀ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਲਗਾਤਾਰ ਕਈ ਵਾਰ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਪਰਸ਼ੂਰਾਮ ਨੂੰ ਪਹਿਲਾਂ ਇਲਾਜ ਲਈ ਖਰੜ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਪਰਸ਼ੂਰਾਮ ਦੇ ਸਿਰ ਵਿਚ ਲੱਗੀਆਂ ਗੁੱਝੀਆਂ ਸੱਟਾਂ ਹੀ ਉਸ ਦੀ ਮੌਤ ਦਾ ਕਾਰਨ ਸਾਬਿਤ ਹੋਈਆਂ | ਘਟਨਾ ਦੌਰਾਨ ਪਰਸ਼ਰਾਮ ਦਾ ਦੂਜਾ ਭਰਾ ਖ਼ਜ਼ਾਨਚੀ ਚੌਹਾਨ ਵੀ ਜ਼ਖ਼ਮੀ ਹੋ ਗਿਆ ਸੀ | ਜਾਂਚ ਦੌਰਾਨ ਪੁਲਿਸ ਨੇ ਸਾਰੇ ਦੋਸ਼ੀਆਂ ਤੋਂ ਲੋਹੇ ਦੀਆਂ ਰਾਡਾਂ (ਹਥਿਆਰ) ਬਰਾਮਦ ਕਰ ਲਈਆਂ ਸਨ | ਅਦਾਲਤ ਨੇ ਗਵਾਹਾਂ ਸ਼ਿਆਮ ਬਹਾਦਰ ਅਤੇ ਖ਼ਚਜ਼ਾਨਚੀ ਚੌਹਾਨ ਦੀ ਗਵਾਹੀ, ਮੈਡੀਕਲ ਸਬੂਤਾਂ ਅਤੇ ਐਫ. ਐਸ. ਐਲ. ਰਿਪੋਰਟ ਨੂੰ ਭਰੋਸੇਯੋਗ ਮੰਨਦੇ ਹੋਏ ਚਾਰਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੇ ਨਾਲ-ਨਾਲ ਪ੍ਰਤੀ ਦੋਸ਼ੀ 50 ਹਜ਼ਾਰ ਰੁ. ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਇਆ | ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਕਿਹਾ ਕਿ ਇਹ ਹੈਵਾਨੀਅਤ ਭਰਿਆ ਕਤਲ ਹੈ, ਜਿਸ ਵਿਚ ਰਿਆਇਤ ਦੀ ਕੋਈ ਗੁੰਜਾਇਸ਼ ਨਹੀਂ |
ਪਿਛਲੀ ਖ਼ਬਰ ਸਪਾ ਦੀ ਆੜ ਹੇਠ ਦੇਹ-ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਹੇਠ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।