ਨੂਰਪੁਰ ਬੇਦੀ, 17 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)- ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਦੀ ਯੋਜਨਾ ਦਾ ਪਹਿਲਾ ਪੜਾਅ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਆਰੰਭ ਹੋ ਗਿਆ ਹੈ | ਪੰਜਾਬ ਸਰਕਾਰ ਵਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਇੱਕ ਕੰਪਨੀ ਨੂੰ ਇਸ ਸਬੰਧੀ ਸਰਵੇ ਕਰਨ ਲਈ 36.5 ਲੱਖ ਰੁਪਏ ਦਾ ਟੈਂਡਰ ਜਾਰੀ ਹੋਇਆ ਸੀ | ਹੁਣ ਉਸ ਕੰਮ ਦੇ ਪਹਿਲੇ ਪੜਾਅ ਦਾ ਆਰੰਭ ਹੋ ਚੁੱਕਾ ਹੈ | ਇਸ ਸਬੰਧੀ ਵਿਧਾਇਕ ਚੱਢਾ ਨੇ ਕੰਪਨੀ ਦੇ ਡਾਇਰੈਕਟਰਾਂ ਦੀ ਮੌਜੂਦਗੀ ਦੱਸਿਆ ਕਿ ਇਸ ਕੰਪਨੀ ਵਲੋਂ ਬਲਾਕ ਨੂਰਪੁਰ ਬੇਦੀ ਦੀ ਉੱਪਰਲੀ ਘਾਟ ਦਾ ਸਰਵੇ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ ਜਿਸ ਵਿਚ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਕਿਵੇਂ ਦਿੱਤਾ ਜਾ ਸਕਦਾ ਹੈ ਸਬੰਧੀ ਦੱਸਿਆ ਜਾਵੇਗਾ | ਇਸ ਕੰਪਨੀ ਵਲੋਂ ਇਹ ਸਰਵੇ ਦੋ ਮਹੀਨੇ ਵਿਚ ਪੂਰਾ ਕਰਕੇ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ | ਉਸ ਤੋਂ ਬਾਅਦ ਇਸ ਕੰਮ ਸੰਬੰਧੀ ਅਗਲਾ ਕਦਮ ਚੁੱਕਿਆ ਜਾਵੇਗਾ | ਇਸ ਪੂਰੀ ਯੋਜਨਾ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ | ਇਸ ਮੌਕੇ ਮੌਜੂਦ ਕੰਪਨੀ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੀਮ ਵਲੋਂ ਨੂਰਪੁਰ ਬੇਦੀ ਇਲਾਕੇ ਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ 75 ਪਿੰਡਾਂ ਦੀ ਲਿਸਟ ਸਾਨੂੰ ਪ੍ਰਦਾਨ ਕੀਤੀ ਗਈ ਹੈ ਉਨਾਂ ਪਿੰਡਾਂ 'ਚ ਡਰੋਨ ਰਾਹੀਂ ਵੀ ਤਕਨੀਕੀ ਢੰਗ ਨਾਲ ਸਰਵੇ ਕੀਤਾ ਜਾਵੇਗਾ | ਅੱਜ ਤੋਂ ਹੀ ਉਨਾਂ ਦੀਆਂ ਟੀਮਾਂ ਵੱਖ-ਵੱਖ ਪਿੰਡਾਂ 'ਚ ਜਾ ਕੇ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ ਤੇ ਅਗਲੇ ਦੋ ਮਹੀਨੇ ਦੇ ਅੰਦਰ ਅੰਦਰ ਇਹ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ |