ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਪੱਤਰ ਪ੍ਰੇਰਕ)- ਗੋਰਮਿੰਟ ਟੀਚਰ ਯੂਨੀਅਨ ਰੂਪਨਗਰ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕਾਈ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਉਨ੍ਹਾ ਅਧਿਆਪਕਾਂ ਦੀਆਂ ਹੜ੍ਹ ਕੇਂਦਰਾਂ ਵਿਚ ਲਗਾਈਆਂ ਜਾਂਦੀਆਂ ਡਿਊਟੀਆਂ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ | ਅਤੇ ਨਾਲ ਹੀ ਮੰਗ ਕੀਤੀ ਹੈ ਕਿ ਬਰਸਾਤ ਵਿਚ ਲਗਾਈਆਂ ਜਾਂਦੀਆਂ ਡਿਊਟੀਆਂ ਨੂੰ ਬਿਨਾਂ ਦੇਰੀ ਰੱਦ ਕੀਤਾ ਜਾਵੇ | ਸਸਕੌਰ ਨੇ ਕਿਹਾ ਕਿ ਤਕਨੀਕ ਦਾ ਯੁੱਗ ਹੈ ਤੇ ਡਿਜੀਟਲ ਸਾਧਨਾਂ ਦੀ ਵਰਤੋ ਹਰੇਕ ਵਿਅਕਤੀ ਕਰ ਰਿਹਾ ਹੈ | ਦੂਜੇ ਪਾਸੇ ਅਧਿਆਪਕਾਂ ਦੀਆਂ ਚੌਦਾ-ਚੌਦਾ ਘੰਟੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ | ਜਿਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਤੇ ਵੀ ਫ਼ਰਕ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਬਰਸਾਤ ਦੇ ਦਿਨਾਂ ਵਿਚ ਤਹਿਸੀਲ ਅਤੇ ਬਲਾਕ ਪੱਧਰ ਤੇ ਬਣਾਏ ਸੂਚਨਾ ਕੇਂਦਰਾਂ ਵਿਚ ਆਮ ਲੋਕਾਂ ਨੂੰ ਹੜ੍ਹਾਂ ਸਬੰਧੀ ਜਾਗਰੂਕ ਕਰਨਾ ਹੁੰਦਾ ਹੈ | ਪਰੰਤੂ ਇਸ ਲਈ ਹੋਰ ਬਹੁਤ ਸਾਰੇ ਸਾਧਨ ਹਨ | ਉਨ੍ਹਾ ਮੰਗ ਕੀਤੀ ਕਿ ਇਸ ਗੈਰ ਵਿੱਦਿਅਕ ਅਤੇ ਗੈਰ ਜ਼ਰੂਰੀ ਕੰਮ ਤੋਂ ਅਧਿਆਪਕਾਂ ਨੂੰ ਫ਼ਾਰਗ ਕੀਤਾ ਜਾਵੇ | ਇਸ ਤੋਂ ਬਾਅਦ ਤਹਿਸੀਲਦਾਰ ਸੰਜੀਵ ਪਠਾਣੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ | ਜਿਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਅਧਿਆਪਕਾਂ ਦੀਆ ਡਿਊਟੀਆਂ ਹੁਣ ਨੇੜ ਭਵਿੱਖ ਵਿਚ ਨਹੀਂ ਲਗਾਈਆਂ ਜਾਣਗੀਆਂ | ਇਸੇ ਮੌਕੇ ਵਿਕਾਸ ਸੋਨੀ, ਸੰਜੀਵ ਮੋਠਾਪੁਰ, ਕੁਲਦੀਪ ਗਿੱਲ, ਮੋਹਣ ਲਾਲ ਸੈਣੀ, ਰਾਮ ਕੁਮਾਰ ਰਾਣਾ, ਵਿਕਰਮ ਸ਼ਰਮਾ, ਗੁਲਜ਼ਾਰੀ ਲਾਲ, ਗੁਰਚਰਨ ਸਿੰਘ, ਕਮਲ ਸਹਿਲਗ, ਹਰਪ੍ਰੀਤ ਸਿੰਘ, ਕੁਲਦੀਪ ਪਰਮਾਰ, ਜਰਨੈਲ ਸਿੰਘ, ਬਲਵੀਰ ਸਿੰਘ, ਸੁਸ਼ੀਲ ਆਦਿ ਹਾਜ਼ਰ ਸਨ |