ਮੋਰਿੰਡਾ, 17 ਜੂਨ (ਤਰਲੋਚਨ ਸਿੰਘ ਕੰਗ)- ਪਿਛਲੇ ਲਗਭਗ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ ਪ੍ਰੰਤੂ ਮੋਰਿੰਡਾ ਦੇ ਵਾਰਡ ਨੰਬਰ 14 ਦੇ ਵਸਨੀਕ ਤੇ ਉੱਥੋਂ ਲੰਘਣ ਵਾਲੇ ਰਾਹਗੀਰ ਸੀਵਰੇਜ ਦੇ ਪਾਣੀ ਤੋਂ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ, ਸੋਹਣ ਲਾਲ, ਰਣਜੀਤ ਸਿੰਘ, ਮੱਖਣ ਸਿੰਘ, ਭਾਗ ਸਿੰਘ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਗੁਰਪਾਲ ਸਿੰਘ, ਸਤਪਾਲ ਸਿੰਘ, ਅੰਮਿ੍ਤਪਾਲ ਸਿੰਘ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵਾਰਡ ਵਿਚ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਟੋਭੇ ਦੀ ਤਰਾਂ ਸੜਕਾਂ ਤੇ ਖੜ੍ਹਾ ਹੈ | ਪ੍ਰੰਤੂ ਨਾ ਤਾਂ ਇਸਦਾ ਕੋਈ ਨਗਰ ਕੌਂਸਲ ਹੱਲ ਕਰਦੀ ਹੈ ਤੇ ਨਾ ਹੀ ਸੀਵਰੇਜ ਵਿਭਾਗ ਵਾਲੇ ਉਹਨਾਂ ਦੀ ਗੱਲ ਸੁਣਦੇ ਹਨ | ਪਾਣੀ ਖੜਨ ਨਾਲ ਉਹਨਾਂ ਦੇ ਬੱਚੇ ਵੀ ਬਿਮਾਰ ਹੋ ਗਏ ਹਨ | ਪਿਛਲੇ ਸਮੇਂ ਦੌਰਾਨ ਇਸ ਇਲਾਕੇ ਵਿਚ ਡਾਇਰੀਆ ਵੀ ਫੈਲ ਚੁੱਕਾ ਹੈ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਮੋਰਿੰਡਾ ਦੇ ਵਿਚ ਕਈ ਵਾਰੀ ਜ਼ੁਬਾਨੀ ਅਤੇ ਲਿਖਤੀ ਤੌਰ ਤੇ ਸਮੱਸਿਆ ਦੱਸ ਚੁੱਕੇ ਹਨ | ਸੀਵਰੇਜ ਵਿਭਾਗ ਨੂੰ ਵੀ ਇਸ ਸਮੱਸਿਆ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ | ਪ੍ਰੰਤੂ ਹਰ ਵਾਰ ਉਨ੍ਹਾਂ ਨੂੰ ਇਹ ਕਹਿਕੇ ਮੋੜ ਦਿੱਤਾ ਜਾਂਦਾ ਹੈ ਕਿ ਤੁਹਾਡੇ ਮੁਹੱਲੇ ਵਿਚ ਗੰਦੇ ਪਾਣੀ ਦਾ ਹੱਲ ਦੋ ਦਿਨਾਂ ਵਿਚ ਕਰਵਾ ਦਿੱਤਾ ਜਾਵੇਗਾ | ਪ੍ਰੰਤੂ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਕੋਈ ਹੱਲ ਨਹੀਂ ਹੋਇਆ | ਉੱਪਰੋਂ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ | ਸੀਵਰੇਜ ਦਾ ਪਾਣੀ ਮੀਂਹ ਦੇ ਪਾਣੀ ਨਾਲ ਰਲ਼ ਕੇ ਘਰਾਂ ਵਿਚ ਵੜਨਾ ਸ਼ੁਰੂ ਹੋ ਗਿਆ ਹੈ | ਵਾਰਡ ਨੰਬਰ 14 ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕਰਵਾਇਆ ਜਾਵੇ | ਕਿਉਂਕਿ ਲੋਕਲ ਪ੍ਰਸ਼ਾਸਨ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਿਹਾ | ਇਸੇ ਸਬੰਧ ਵਿਚ ਜਦੋਂ ਐੱਸ.ਡੀ.ਓ. ਸੀਵਰੇਜ ਬੋਰਡ ਦੀਪਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਾਰਡ ਨੰਬਰ 14 ਵਿਚ ਸੀਵਰੇਜ ਨੂੰ ਸਾਫ਼ ਕਰਨ ਲਈ ਵੱਡੀਆਂ ਮਸ਼ੀਨਾਂ ਦੀ ਜ਼ਰੂਰਤ ਹੈ | ਛੋਟੀਆਂ ਮਸ਼ੀਨਾਂ ਇਸ ਸੀਵਰ ਨੂੰ ਖੋਲ਼ਣ ਵਿਚ ਸਮਰੱਥ ਨਹੀਂ ਹਨ | ਬਹੁਤ ਜਲਦ ਵੱਡੀਆਂ ਮਸ਼ੀਨਾਂ ਲਿਆ ਕਿ ਮੁਹੱਲਾ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ |