ਸ੍ਰੀ ਚਮਕੌਰ ਸਾਹਿਬ, 18 ਜੂਨ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਨੂੰ ਆਲ਼ੇ-ਦੁਆਲੇ ਇਲਾਕੇ ਨਾਲ ਜੋੜਦੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਲੋਕ ਨਿਰਮਾਣ ਵਿਭਾਗ ਦੀ ਇਲਾਕੇ ਅੰਦਰ ਕਾਰਗੁਜ਼ਾਰੀ ਆਪ ਹੀ ਬਿਆਨ ਕਰ ਰਹੀ ਹੈ | ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਵਾ ਕੁ ਮਹੀਨਾ ਪਹਿਲਾਂ ਅਜੀਤ ਵਿਚ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਇਤਿਹਾਸਕ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਰੂਪਨਗਰ ਮਾਰਗ ਨਾਲ ਜੋੜਦੀ ਕਰੀਬ 400 ਮੀਟਰ ਸੜਕ ਵਿਚੋਂ 350 ਮੀਟਰ ਵਿਚ ਤਾਂ ਪੈਚ ਵਰਕ ਕਰ ਦਿੱਤਾ ਗਿਆ ਪਰ ਰੂਪਨਗਰ ਮਾਰਗ ਨਾਲ ਜੋੜਦੀ 50 ਕੂ ਮੀਟਰ ਸੜਕ ਵਿਚਾਲੇ ਛੱਡ ਦਿੱਤੀ ਗਈ ਤੇ ਇਸ 50 ਮੀਟਰ ਸੜਕ ਨੇ ਹੀ ਵਾਹਨ ਚਾਲਕਾਂ ਦਾ ਧੰੂਆਂ ਕੱਢਿਆ ਹੋਇਆ ਹੈ | ਜਦੋਂ ਵਿਭਾਗ ਦੇ ਦਫ਼ਤਰ ਗੱਲ ਕੀਤੀ ਤਾਂ ਪਤਾ ਲੱਗਾ ਕਿ ਜਿੰਨੇ ਫ਼ੰਡ ਜਾਰੀ ਹੋਏ ਸਨ ਉਸ ਨਾਲ ਸੜਕ ਦਾ ਇਕ ਹਿੱਸਾ ਹੀ ਮੁਰੰਮਤ ਹੋ ਸਕਿਆ ਹੈ ਜਦੋਂ ਹੋਰ ਫ਼ੰਡ ਜਾਰੀ ਹੋਣਗੇ ਤਾਂ 50 ਮੀਟਰ ਹਿੱਸਾ ਵੀ ਮੁਰੰਮਤ ਹੋ ਜਾਵੇਗਾ | ਇਸ ਦੇ ਨਾਲ ਹੀ ਸੰਧੂਆਂ ਮਾਰਗ, ਭੈਰੋ ਮਾਜਰਾ ਮਾਰਗ, ਭੂਰੜੇ ਮਾਰਗ, ਰਾਏਪੁਰ ਮਾਰਗ ਵੀ ਅੱਜ ਬਦਹਾਲੀ ਦੇ ਦੌਰ ਚੋਂ ਨਿਕਲ ਰਹੇ ਹਨ, ਲੋਕਾਂ ਵਲੋਂ ਇਸ ਸਬੰਧੀ ਵਾਰ ਵਾਰ ਸਰਕਾਰ ਦੇ ਦਰਬਾਰ ਅਤੇ ਵਿਭਾਗ ਨੂੰ ਅਪੀਲਾਂ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਬਣੇ ਮੋਰਿੰਡਾ ਮਾਰਗ ਤੇ ਰੂਪਨਗਰ ਮਾਰਗ ਵੀ ਟੁੱਟਣੇ ਸ਼ੁਰੂ ਹੋ ਗਏ ਹਨ ਤੇ ਇਨ੍ਹਾਂ ਸੜਕਾਂ ਤੇ ਹੁਣ ਟਾਕੀਆਂ ਲਗਾਈਆਂ ਜਾ ਰਹੀਆਂ ਹਨ |