ਨੂਰਪੁਰ ਬੇਦੀ, 18 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਟਾਲਾ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਮੱਝਾ 'ਚ ਇੱਕ ਆਰ.ਐਮ.ਪੀ. ਡਾਕਟਰ ਦੀ ਨਿਰਦਈ ਤਰੀਕੇ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਪੂਰੇ ਡਾਕਟਰੀ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ | ਦੱਸਣਯੋਗ ਹੈ ਕਿ ਬਟਾਲਾ ਤੋਂ ਗੁਰਦਾਸਪੁਰ ਮਾਰਗ 'ਤੇ ਪੈਂਦੇ ਇੱਕ ਪਿੰਡ 'ਚ ਬੀਤੇ ਲੰਬੇ ਸਮੇਂ ਤੋਂ ਡਾਕਟਰ ਮੇਜਰ ਸਿੰਘ ਆਪਣਾ ਕਲੀਨਿਕ ਚਲਾ ਕੇ ਮੈਡੀਕਲ ਸੇਵਾਵਾਂ ਦੇ ਰਿਹਾ ਸੀ, ਜਿਸ ਤੇ ਦਿਨ ਦਿਹਾੜੇ ਕੁੱਝ ਲੋਕਾਂ ਨੇ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ | ਇਸ ਹੱਤਿਆ ਕਾਰਨ ਡਾਕਟਰੀ ਭਾਈਚਾਰੇ ਵਿਚ ਸੋਗ ਅਤੇ ਗੁੱਸੇ ਦੀ ਲਹਿਰ ਹੈ | ਇਸ ਘਟਨਾ ਸਬੰਧੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਚੇਅਰਮੈਨ ਡਾ. ਰਮੇਸ਼ ਕੁਮਾਰ ਬਾਲੀ ਨੇ ਡੱਟ ਕੇ ਵਿਰੋਧ ਕਰਦੇ ਹੋਏ ਕਿਹਾ ਕਿ ਇੱਕ ਡਾਕਟਰ ਜੋ ਆਪਣੀ ਪਰਵਾਹ ਕੀਤੇ ਬਿਨਾਂ ਹਰ ਵੇਲੇ ਮਰੀਜ਼ਾਂ ਦੀ ਸੇਵਾ ਵਿਚ ਜੁਟਿਆ ਰਹਿੰਦਾ ਹੈ, ਉਸ ਦੀ ਅਜਿਹੀ ਬੇਰਹਿਮੀ ਨਾਲ ਹੱਤਿਆ ਕਰ ਦੇਣਾ ਸਮਾਜ ਲਈ ਸ਼ਰਮ ਦੀ ਗੱਲ ਹੈ | ਅਸੀਂ ਇਸ ਹੱਤਿਆ ਦੀ ਘੋਰ ਨਿੰਦਾ ਕਰਦੇ ਹਾਂ | ਜੇਕਰ ਸਰਕਾਰ ਨੇ ਕਤਲ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾ ਨਾ ਦਿੱਤੀ, ਤਾਂ ਸੂਬਾ ਪੱਧਰ ਤੇ ਵੱਡਾ ਅੰਦੋਲਨ ਕੀਤਾ ਜਾਵੇਗਾ | ਡਾ. ਬਾਲੀ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਸਰਕਾਰ ਡਾਕਟਰਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਨਹੀਂ ਚੁੱਕਦੀ, ਤਦ ਤੱਕ ਅਸੀਂ ਲਗਾਤਾਰ ਰੋਸ ਪ੍ਰਗਟ ਕਰਦੇ ਰਹਾਂਗੇ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਿ੍ਤਕ ਡਾਕਟਰ ਦੇ ਪਰਿਵਾਰ ਨੂੰ ਤੁਰੰਤ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ | ਇਸ ਮੌਕੇ ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਡਾ ਦਿਨੇਸ਼ ਹੱਲਣ, ਸੂਬਾ ਕਮੇਟੀ ਮੈਂਬਰ ਡਾ. ਸੁਨੀਲ ਕੁਮਾਰ, ਜ਼ਿਲ੍ਹਾ ਇੰਚਾਰਜ ਡਾਕਟਰ ਗੁਰਪਾਲ ਚੌਧਰੀ, ਡਾ. ਬਲਵਿੰਦਰ ਸਿੰਘ, ਡਾ. ਰਾਜੀਵ ਕੁਮਾਰ ਹਾਜ਼ਰ ਸਨ |