ਰੂਪਨਗਰ, 18 ਜੂਨ (ਯਸ਼ਵੰਤ ਬੱਸੀ)-ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਿਕ 12 ਤੋਂ 20 ਜੂਨ 2025 ਤੱਕ ਬਾਲ ਮਜ਼ਦੂਰੀ ਦੇ ਖ਼ਾਤਮੇ ਦੇ ਮੰਤਵ ਨਾਲ ਰੂਪਨਗਰ ਜ਼ਿਲ੍ਹੇ ਵਿਚ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਵਲੋਂ ਹੋਟਲਾਂ, ਢਾਬੇ, ਦੁਕਾਨਾਂ, ਫ਼ੈਕਟਰੀਆਂ ਅਤੇ ਹੋਰ ਵਪਾਰਿਕ ਅਦਾਰਿਆਂ ਵਿਚ ਅਚਨਚੇਤ ਚੈਕਿੰਗ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਵਿਚ ਅੱਜ ਰੂਪਨਗਰ ਸ਼ਹਿਰ ਵਿਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਗਿਆਨੀ ਜੈਲ ਸਿੰਘ ਨਗਰ ਵਿਚ ਵੱਖ-ਵੱਖ ਦੁਕਾਨਾਂ 'ਤੇ 3 ਬਾਲ ਕਿਰਤੀ ਕੰਮ ਕਰਦੇ ਪਾਏ ਗਏ | ਇਨ੍ਹਾਂ ਕਿਰਤੀਆਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਰੂਪਨਗਰ ਸਾਹਮਣੇ ਪੇਸ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਜ਼ਿਲ੍ਹਾ ਟਾਸਕ ਫੋਰਸ ਕਮੇਟੀ ਵਲੋਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਬਾਲਕ ਤੋਂ ਬਾਲ ਮਜ਼ਦੂਰੀ ਨਾਂ ਕਰਵਾਈ ਜਾਵੇ ਅਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਨੇੜਲੇ ਸਰਕਾਰੀ ਸਕੂਲ ਵਿਚ ਦਾਖਲ ਕਰਵਾਇਆ ਜਾਵੇ | ਇਸ ਨਿਰੀਖਣ ਮੌਕੇ ਕਿਰਤ ਇੰਸਪੈਕਟਰ ਰੂਪਨਗਰ ਅਜੈ ਕੁਮਾਰ, ਸਿੱਖਿਆ ਵਿਭਾਗ ਤੋਂ ਦੀਪਕ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਮਨਦੀਪ ਸਿੰਘ, ਏ.ਐਸ.ਆਈ. ਪੁਲਿਸ ਵਿਭਾਗ ਅਵਤਾਰ ਸਿੰਘ, ਸਿਹਤ ਵਿਭਾਗ ਰੂਪਨਗਰ ਤੋਂ ਡਾ. ਕਾਰਤਿਕ ਹਾਜ਼ਰ ਹੋਏ |