15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਗਊ ਰਕਸ਼ਾ ਦਲ ਨੇ ਮੇਰਠ ਤੋਂ ਸ੍ਰੀਨਗਰ ਤਸਕਰੀ ਕੀਤੀਆਂ ਜਾ ਰਹੀਆਂ ਗਊਆਂ ਤੇ ਵੱਛੇ ਛੁਡਵਾਏ

ਅਜੀਤ ਡੈਸਕ 20-06-2025
ਰੂਪਨਗਰ, 19 ਜੂਨ (ਯਸ਼ਵੰਤ ਬੱਸੀ)-ਦੇਰ ਰਾਤ ਗਊ ਰਕਸ਼ਾ ਦਲ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਅਜੀਤ ਸਿੰਘ ਅਕੈਡਮੀ ਦੇ ਨੇੜੇ ਚੌਕ 'ਤੇ ਸ੍ਰੀਨਗਰ ਨੂੰ ਤਸਕਰੀ ਲਈ ਜਾ ਰਹੀਆਂ ਗਾਵਾਂ ਨਾਲ ਭਰੀਆਂ 3 ਗੱਡੀਆਂ ਨੂੰ ਜ਼ਬਤ ਕੀਤਾ | ਇਨ੍ਹਾਂ ਜ਼ਬਤ ਕੀਤੀਆਂ ਗਈਆਂ ਗੱਡੀਆਂ 'ਚੋਂ ਇਕ ਬੰਦ ਬਾਡੀ ਵਾਲਾ ਕੰਟੇਨਰ (ਐਚ.ਆਰ. 58 ਈ 6902) ਤੇ 2 ਕੈਂਟਰ (ਐਚ.ਆਰ. 58 ਡੀ 9220) ਅਤੇ (ਐਚ.ਆਰ. 58 ਡੀ 5116) ਪੂਰੀ ਤਰ੍ਹਾਂ ਬੰਦ ਸਨ | ਇਨ੍ਹਾਂ ਗੱਡੀਆਂ 'ਚ 28 ਗਊਆਂ ਤੇ 4 ਵੱਛੇ ਬੁਰੀ ਤਰ੍ਹਾਂ ਡੱਕੇ ਹੋਏ ਸਨ | ਜਦ ਕਿ ਬੰਦ ਬਾਡੀ ਵਾਲੇ ਕੰਟੇਨਰ ਦੇ ਪਿੱਛੇ 'ਡਾਕ ਪਾਰਸਲ' ਲਿਖਿਆ ਹੋਇਆ ਸੀ | ਇਸ ਸੰਬੰਧੀ ਨਿਕਸਨ ਕੁਮਾਰ ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ, ਬੱਬੂ ਕਲਿਆਣ ਜ਼ਿਲ੍ਹਾ ਪ੍ਰਧਾਨ, ਸੰਦੀਪ ਕੁਮਾਰ ਸੂਬਾ ਬੁਲਾਰਾ ਤੇ ਅਮਿਤ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ 10 ਵਾਹਨਾਂ 'ਚ ਗਊ ਧਨ ਸ੍ਰੀਨਗਰ ਭੇਜੇ ਜਾਣ ਦੀ ਸੂਚਨਾ ਮਿਲੀ ਸੀ ਜਿਨ੍ਹਾਂ 'ਚੋਂ ਚੰਡੀਗੜ੍ਹ ਤੋਂ ਰੋਪੜ ਵਲ ਆ ਰਹੀਆਂ 3 ਗੱਡੀਆਂ ਨੂੰ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਅਜੀਤ ਸਿੰਘ ਅਕੈਡਮੀ ਦੇ ਨੇੜੇ ਚੌਕ 'ਤੇ ਕਾਬੂ ਕਰ ਲਿਆ | ਜਦੋਂ ਡਰਾਈਵਰਾਂ ਤੋਂ ਇਸ ਸੰਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ | ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਮੇਰਠ (ਯੂ. ਪੀ.) ਤੋਂ ਰਵਾਨਾ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ਪਠਾਨਕੋਟ ਦਾ ਇਕ ਵਿਅਕਤੀ ਹੈ ਜੋ ਮੰਡੀਆਂ ਤੋਂ 5 ਤੋਂ 10 ਹਜ਼ਾਰ 'ਚ ਗਊਆਂ ਖ਼ਰੀਦ ਕੇ ਹੁਣ ਤੱਕ ਹਜ਼ਾਰਾਂ ਗਊਆਂ ਸ੍ਰੀਨਗਰ ਭੇਜ ਚੁੱਕਾ ਹੈ | ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਸਿਟੀ ਪੁਲਿਸ ਸਟੇਸ਼ਨ ਦੇ ਐਸ. ਐਚ. ਓ. ਪਵਨ ਚੌਧਰੀ ਨੇ ਦੱਸਿਆ ਕਿ ਨਦੀਮ ਪੁੱਤਰ ਸਫੀਕ ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਮੌਸਿਨ ਪੁੱਤਰ ਜਾਮੀਨ ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਇਰਸ਼ਾਦ ਪੁੱਤਰ ਖਵਾਜਾ ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਮਹਿਬੂਬ ਪੁੱਤਰ ਨੂਰ ਮੁਹੰਮਦ ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਜਾਨ ਮੁਹੰਮਦ ਪੁੱਤਰ ਸਲੀਮ ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਬੰਟੀ ਵਾਸੀ ਪਠਾਨਕੋਟ ਸਮੇਤ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਨ੍ਹਾਂ 'ਚੋਂ 5 ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ | ਜਿਥੇ ਅਦਾਲਤ ਨੇ 4 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ, ਜਦ ਕਿ ਬੰਟੀ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਰੋਜ਼ਗਾਰ ਕੈਂਪ ਅੱਜ ਅਗਲੀ ਖ਼ਬਰ ਵਿਧਾਨ ਸਭਾ ਸਪੀਕਰ ਸੰਧਵਾਂ ਪੁੱਜੇ ਪਿੰਡ ਕਰਤਾਰਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।