ਰੂਪਨਗਰ, 19 ਜੂਨ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ ਕੈਂਪ 20 ਜੂਨ ਨੂੰ ਸਵੇਰੇ 10 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਂਪ 'ਚ ਫਲਿੱਪਕਾਰਟ ਕੰਪਨੀ ਵਲੋਂ ਡਿਲਿਵਰੀ ਬੁਆਏ ਦੀਆਂ 40 ਅਸਾਮੀਆਂ ਲਈ ਦਸਵੀਂ ਤੇ ਬਾਰ੍ਹਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਕੋਲ ਮੋਟਰਸਾਈਕਲ ਹੋਣਾ ਲਾਜ਼ਮੀ ਹੈ | ਇਸ ਤੋਂ ਇਲਾਵਾ ਆਧਾਰ ਕਾਰਡ ਤੇ ਪੈਨ ਕਾਰਡ ਹੋਣੇ ਲਾਜ਼ਮੀ ਹਨ | ਉਮੀਦਵਾਰਾਂ ਨੂੰ ਫ਼ੀਲਡ ਵਰਕ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ | ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 18,000, 20,000 ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ | ਇਸ ਅਸਾਮੀ 'ਤੇ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਕੰਮ ਦੇ ਹਿਸਾਬ ਨਾਲ ਵਧੇਰੇ ਡਿਲੀਵਰੀ, ਵਧੇਰੇ ਕਮਾਈ ਹੋਵੇਗੀ | ਇਸ ਕੰਮ ਲਈ ਕੋਈ ਰਜਿਸਟਰੇਸ਼ਨ ਫ਼ੀਸ ਨਹੀਂ ਹੈ | ਉਮੀਦਵਾਰ ਆਪਣੀ ਸਹੂਲਤ ਅਨੁਸਾਰ ਕੰਮ ਕਰ ਸਕਦੇ ਹਨ | ਕਾਮਿਆਂ ਨੂੰ ਸੁਰੱਖਿਅਤ ਤਨਖ਼ਾਹ ਹਰ ਹਫ਼ਤੇ ਸਿੱਧੇ ਬੈਂਕ ਖਾਤੇ 'ਚ ਪ੍ਰਾਪਤ ਹੋਵੇਗੀ | ਕੰਮ ਕਰਨ ਸੰਬੰਧੀ ਈ-ਕਾਰਟ ਟੀਮ ਤੋਂ ਸਹਾਇਤਾ ਤੇ ਸਿਖਲਾਈ ਮਿਲੇਗੀ | ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਹੈ |