ਨੂਰਪੁਰ ਬੇਦੀ, 19 ਜੂਨ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਨੂਰਪੁਰ ਬੇਦੀ ਨੇ ਥਾਣਾ ਮੁਖੀ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮਸਲਿਆਂ 'ਤੇ ਚਰਚਾ ਕੀਤੀ | ਇਸ ਦੌਰਾਨ ਸਰਪੰਚ ਨਿਰਮਲਾ ਦੇਵੀ ਤੇ ਪੰਚਾਇਤ ਮੈਂਬਰਾਂ ਨੇ ਥਾਣਾ ਮੁਖੀ ਨੂਰਪੁਰ ਬੇਦੀ ਇੰਸਪੈਕਟਰ ਅਨਿਲ ਕੁਮਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ਤੇ ਹੋਰਨਾਂ ਵੱਖ-ਵੱਖ ਗਤਿਵਿਧੀਆਂ 'ਚ ਸ਼ਾਮਿਲ ਗਲਤ ਅਨਸਰਾਂ ਦੀ ਪੁਲਿਸ ਨੂੰ ਸਮੇਂ-ਸਮੇਂ 'ਤੇ ਜਾਣਕਾਰੀ ਦੇ ਕੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣਗੇ ਜਦ ਕਿ ਸ਼ਹਿਰ 'ਚ ਕਿਰਾਏ 'ਤੇ ਰਹਿ ਰਹੇ ਬਾਹਰਲੇ ਵਿਅਕਤੀਆਂ ਨੂੰ ਸੰਬੰਧਤ ਮਕਾਨ ਮਾਲਕਾਂ ਨੂੰ ਆਪਣੇ ਲੋੜੀਂਦੇ ਪਛਾਣ ਪੱਤਰ ਮੁਹੱਈਆ ਕਰਵਾਉਣ ਲਈ ਵੀ ਉਨ੍ਹਾਂ ਨਾਲ ਰਾਬਤਾ ਕਾਇਮ ਕਰਨਗੇ | ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਉਣ ਲਈ ਆਰੰਭੀ ਮੁਹਿੰਮ ਤੋਂ ਵੀ ਜਾਣੂ ਕਰਵਾਉਂਦਿਆਂ ਲੋੜ ਪੈਣ 'ਤੇ ਸਹਿਯੋਗ ਪ੍ਰਦਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਥਾਣਾ ਮੁਖੀ ਅਨਿਲ ਕੁਮਾਰ ਨੇ ਪੰਚਾਇਤ ਮੈਂਬਰਾਂ ਦੇ ਸੁਝਾਵਾਂ ਨੂੰ ਸੁਣਿਆ ਤੇ ਉੱਚ ਅਧਿਕਾਰੀਆਂ ਨਾਲ ਚਰਚਾ ਕਰਨ ਉਪਰੰਤ ਲਾਗੂ ਕਰਨ ਦਾ ਭਰੌਸਾ ਦਿਵਾਇਆ | ਥਾਣਾ ਮੁਖੀ ਨੇ ਆਖਿਆ ਕਿ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਚਾਲਕਾਂ ਦੀ ਅਗਰ ਪੰਚਾਇਤ ਮੈਂਬਰ ਵੀਡੀਓ ਬਣਾ ਕੇ ਜਾਂ ਫਿਰ ਫੋਟੋ ਖਿੱਚ ਕੇ ਵੀ ਉਨ੍ਹਾਂ ਨੂੰ ਭੇਜਦੇ ਹਨ ਤਾਂ ਇਸ 'ਤੇ ਵੀ ਪੁਲਿਸ ਵਲੋਂ ਫੌਰੀ ਐਕਸ਼ਨ ਲਿਆ ਜਾਵੇਗਾ | ਇਸ ਮੌਕੇ ਸਰਪੰਚ ਨਿਰਮਲਾ ਦੇਵੀ, ਜਰਨੈਲ ਸਿੰਘ ਲਾਲੀ, ਨਵੀਨ ਵਸ਼ਿਸ਼ਟ, ਹਨੀ ਬਾਵਾ, ਗੋਗੀ ਤੇ ਗੌਰਵ ਕਾਲੜਾ ਸਹਿਤ ਮਾ. ਰਾਮ ਸਿੰਘ, ਪਿ੍ਯੰਕਾ ਉੱਪਲ, ਸਤਨਾਮ ਸਿੰਘ, ਅਮਿਤ ਵਰਮਾ, ਕਿਰਨ ਬਾਲਾ, ਗੁਰਮੇਲੋ, ਹਰਪ੍ਰੀਤ ਸਿੰਘ ਭੱਗਲ, ਸ਼ੁਸ਼ਮਾ ਰਾਣੀ ਤੇ ਸੁਰਿੰਦਰ ਕੁਮਾਰ (ਸਾਰੇ ਪੰਚ) ਆਦਿ ਹਾਜ਼ਰ ਸਨ |