ਢੇਰ, 19 ਜੂਨ (ਸ਼ਿਵ ਕੁਮਾਰ ਕਾਲੀਆ)-ਪਿੰਡ ਮਟੌਰ ਦੇ ਵਸਨੀਕ ਤੇ ਸਮਾਜ ਸੇਵੀ ਭਗਵੰਤ ਸਿੰਘ ਮਟੌਰ ਵਲੋਂ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ, ਪੰਜਾਬ ਤੇ ਪੰਜਾਬੀਅਤ ਨਾਲ ਜੋੜਨ ਦੇ ਮੰਤਵ ਨਾਲ ਇਕ ਨਿਵੇਕਲੀ ਪਹਿਲ ਕੀਤੀ ਗਈ | ਇਸ ਅਹਿਮ ਪਹਿਲਕਦਮੀ ਤਹਿਤ ਮਟੌਰ ਵਲੋਂ ਪਿੰਡ ਢੇਰ ਵਿਖੇ ਸਿੱਖ ਇਤਿਹਾਸ ਤੇ ਪੰਜਾਬੀ ਮਾਂ ਬੋਲੀ 'ਤੇ ਚਾਨਣਾ ਪਾਉਂਦੇ ਵੱਡੇ ਵੱਡੇ ਪੋਸਟਰ ਲਗਾਏ ਗਏ, ਜਿਸ ਦੀ ਸ਼ੁਰੂਆਤ ਉਨ੍ਹਾਂ ਵਲੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਨਜ਼ਦੀਕ ਪੈਂਦੇ ਆਪਣੇ ਪਿੰਡ ਮਟੌਰ ਤੋਂ ਕੀਤੀ ਗਈ | ਪਿੰਡ ਦੇ ਮੁੱਖ ਦੁਆਰ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਲਗਾਏ ਵੱਡੇ ਵੱਡੇ ਪੋਸਟਰਾਂ 'ਚ ਮਟੌਰ ਵਲੋਂ ਪੰਜਾਬੀਆਂ ਖ਼ਾਸ ਤੌਰ 'ਤੇ ਸਿੱਖਾਂ ਨੂੰ ਆਪਣੇ ਇਤਿਹਾਸ ਤੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਹੋਕਾ ਦਿੱਤਾ ਗਿਆ ਹੈ | ਭਗਵੰਤ ਸਿੰਘ ਮਟੌਰ ਨੇ ਦੱਸਿਆ ਕਿ ਮੇਰਾ ਇਨ੍ਹਾਂ ਪੋਸਟਰਾਂ ਨੂੰ ਲਗਾਉਣ ਦਾ ਮੁੱਖ ਮੰਤਵ ਇਹ ਹੈ ਕਿ ਹਰ ਆਉਣ ਜਾਣ ਵਾਲਾ ਵਿਅਕਤੀ ਇਨ੍ਹਾਂ ਪੋਸਟਰਾਂ 'ਤੇ ਝਾਤ ਮਾਰਨ ਉਪਰੰਤ ਆਪਣੇ ਅੰਦਰ ਝਾਤ ਮਾਰੇ ਅਤੇ ਆਪਣੇ ਅਮੀਰ ਵਿਰਸੇ ਤੇ ਆਪਣੇ ਅਮੀਰ ਇਤਿਹਾਸ ਨਾਲ ਸਾਂਝ ਪਾਉਣ ਲਈ ਮਜਬੂਰ ਹੋਵੇ | ਮਟੌਰ ਨੇ ਕਿਹਾ ਕਿ ਜਿਥੇ ਇਹ ਪੋਸਟਰ ਲਗਾ ਕੇ ਨਵੀਂ ਪਨੀਰੀ 'ਚ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਹੀ ਉਨ੍ਹਾਂ 'ਚ ਉਤਸ਼ਾਹ ਪੈਦਾ ਕਰਨ ਲਈ ਉਹ ਨਿੱਜੀ ਤੌਰ 'ਤੇ ਉਨ੍ਹਾਂ ਬੱਚਿਆਂ ਨੂੰ ਜੋ ਗੁਰ ਇਤਿਹਾਸ ਤੇ ਗੁਰਬਾਣੀ ਨੂੰ ਜੇਕਰ ਕੋਈ ਕੰਠ ਕਰਕੇ ਸੁਣਾਉਂਦਾ ਹੈ ਤਾਂ ਉਨ੍ਹਾਂ ਨੂੰ ਇਨਾਮ ਦੇ ਕੇ ਨਿਵਾਜਣਗੇ |