ਸ੍ਰੀ ਚਮਕੌਰ ਸਾਹਿਬ, 19 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੈਰੋਮਾਜਰਾ ਦੇ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਇਲਾਕੇ ਦੀਆਂ 60 ਤੋਂ ਵੱਧ ਪੰਚਾਇਤਾਂ ਨੇ ਮਤੇ ਪਾ ਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਚੱਲ ਰਹੀ ਅਕੈਡਮੀ ਬੰਦ ਕਰਵਾਉਣ ਲਈ ਸਹਿਮਤੀ ਦਿੱਤੀ ਹੈ | ਕਾਨਫ਼ਰੰਸ ਦੌਰਾਨ ਪ੍ਰਬੰਧਕੀ ਕਮੇਟੀ ਦੇ ਮੈਂਬਰ (ਟਰੱਸਟੀ) ਗੁਰਮੁੱਖ ਸਿੰਘ ਲੌਂਗੀਆਂ ਨੇ ਕਿਹਾ ਕਿ ਕੁੱਝ ਟਰੱਸਟ ਮੈਂਬਰ ਬਾਬਾ ਸੁਖਪਾਲ ਸਿੰਘ ਗੁਰਦੁਆਰਾ ਸਾਹਿਬ ਦੇ ਮੁਖੀ ਦੇ ਤੌਰ 'ਤੇ ਹੋਈ ਦਸਤਾਰਬੰਦੀ ਨੂੰ ਸਹੀ ਨਹੀਂ ਮੰਨ ਰਹੇ ਅਤੇ ਉਨ੍ਹਾਂ ਮੁਖੀ ਮੰਨਣ ਨੂੰ ਵੀ ਤਿਆਰ ਨਹੀਂ ਅਤੇ ਗੁਰਦੁਆਰਾ ਸਾਹਿਬ 'ਚ ਪੁਲਿਸ ਬੁਲਾ ਕੇ ਗੁਰਦੁਆਰਾ ਸਾਹਿਬ ਦਾ ਅਨੁਸ਼ਾਸਨ ਨੂੰ ਵੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹੈ | ਇਸੇ ਕਾਰਨ ਸੰਗਤ ਦੇ ਕਹਿਣ ਤੇ ਉਨ੍ਹਾਂ ਵਿਅਕਤੀਆਂ ਨੂੰ ਟਰੱਸਟ ਵਿਚੋਂ ਖ਼ਾਰਜ ਕਰ ਦਿੱਤਾ ਗਿਆ ਹੈ | ਹੁਣ ਉਹ ਪਿੰਡ-ਪਿੰਡ ਜਾ ਕੇ ਮੁਹਤਬਰਾਂ/ਸਰਪੰਚਾਂ ਆਦਿ ਨੂੰ ਗੁਮਰਾਹ ਕਰ ਰਹੇ ਹਨ ਕਿ ਪਹਿਲੀਆਂ ਬਣੀਆਂ ਕਮੇਟੀਆਂ ਨਜ਼ਰ ਅੰਦਾਜ਼ ਕਰ ਦਿੱਤੀਆਂ ਹਨ | ਸ. ਲੌਂਗੀਆਂ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਇਹ ਦੱਸਣਾ ਚਾਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨਜ਼ਰ ਅੰਦਾਜ਼ ਨਹੀਂ ਕੀਤੀਆਂ ਸਗੋਂ ਕਮੇਟੀਆਂ 'ਚ ਨਵੇਂ ਪੜੇ੍ਹ ਲਿਖੇ ਸੂਝਵਾਨ ਨੌਜਵਾਨ ਮੈਂਬਰ ਲੈ ਕੇ ਪਾਰਦਰਸ਼ੀ ਢੰਗ ਨਾਲ ਨਵੀਨੀਕਰਨ ਕੀਤਾ ਗਿਆ ਹੈ | ਜਦ ਕਿ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁਖਪਾਲ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਪੂਰੇ ਸੁਚਾਰੂ ਢੰਗ ਨਾਲ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਸਕੂਲ ਚੱਲ ਰਿਹਾ ਹੈ, ਉਸ ਦਾ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਨਾਲ ਕੋਈ ਸੰਬੰਧ ਨਹੀਂ ਉਹ ਇਕ ਨਿੱਜੀ ਸਕੂਲ ਹੈ, ਜੋ ਕਿ ਸਰਕਾਰ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕਰਦਾ | ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਕਮੇਟੀ ਸਕੂਲ ਨੂੰ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਚ ਖੋਲ੍ਹਣ ਦੇ ਵਿਰੋਧ ਵਿਚ ਹੈ | ਉਨ੍ਹਾਂ ਕਿਹਾ ਕਿ ਸਕੂਲ ਹੋਰ ਕਿਸੇ ਵੀ ਜਗ੍ਹਾ 'ਤੇ ਖੁੱਲੇ੍ਹ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ | ਸਕੂਲ ਨੂੰ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਚੋਂ ਬੰਦ ਕਰਨ ਦੇ ਪ੍ਰਸਤਾਵ ਨੂੰ ਮੌਕੇ 'ਤੇ ਮੌਜੂਦ ਤਕਰੀਬਨ 60 ਦੇ ਕਰੀਬ ਪੰਚਾਇਤਾਂ ਨੇ ਆਪਣੀ ਸਹਿਮਤੀ ਜਤਾਈ | ਉਨ੍ਹਾਂ ਇਹ ਵੀ ਦੱਸਿਆ ਕਿ ਭੈਰੋ ਮਾਜਰਾ ਵਿਖੇ ਬਾਬਾ ਸੁਖਪਾਲ ਸਿੰਘ ਦੀ ਰਹਿਨੁਮਾਈ ਹੇਠ ਚੈਰੀਟੇਬਲ ਹਸਪਤਾਲ ਵੀ ਸਫਲਤਾ ਪੂਰਵਕ ਚੱਲ ਰਿਹਾ ਹੈ | ਇਸ ਮੌਕੇ ਸੰਤ ਬਾਬਾ ਸੁਖਪਾਲ ਸਿੰਘ, ਸਾਬਕਾ ਸਰਪੰਚ ਗੁਰਮੁਖ ਸਿੰਘ, ਬਲਬੀਰ ਸਿੰਘ ਬੱਲੀ, ਗੁਰਨਾਮ ਸਿੰਘ, ਸਰਪੰਚ ਰਜਿੰਦਰ ਸਿੰਘ ਭੈਰੋ ਮਾਜਰਾ, ਠੇਕੇਦਾਰ ਬਲਵਿੰਦਰ ਸਿੰਘ ਭੈਰੋਮਾਜਰਾ, ਸਰਪੰਚ ਹਰਿਮਦਰ ਸਿੰਘ ਕਾਕਾ ਜਟਾਣਾ, ਸਰਪੰਚ ਗੁਰਪ੍ਰੀਤ ਸਿੰਘ ਹੈਪੀ ਫ਼ਰੀਦ, ਸਰਪੰਚ ਜਤਿੰਦਰ ਪਾਲ ਸਿੰਘ ਬੇਲਾ, ਮਲਕੀਤ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਅਜੇ ਪਾਲ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਪਿ੍ਤਪਾਲ ਸਿੰਘ, ਬਲਜੀਤ ਸਿੰਘ, ਜੱਸ ਭੈਰੋਂ ਮਾਜਰਾ, ਬਲਵਿੰਦਰ ਸਿੰਘ ਪੰਚ ਅਤੇ ਇਲਾਕੇ ਦੇ ਹੋਰ ਪਤਵੰਤਿਆਂ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ |