ਨੂਰਪੁਰ ਬੇਦੀ, 20 ਜੂਨ (ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਜੰਗ ਦੇ ਹੁਣ ਤੱਕ ਸਾਰਥਿਕ ਨਤੀਜੇ ਆਉਣ ਲੱਗ ਪਏ ਹੈ | ਇਸ ਮੁਹਿੰਮ ਨੂੰ ਇਲਾਕੇ ਦੇ ਪਿੰਡਾਂ 'ਚ ਲਗਾਏ ਜਾ ਰਹੇ ਲੋਕ ਜਾਗਰੂਕਤਾਂ ਕੈਂਪਾਂ ਜ਼ਰੀਏ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ | ਇਹ ਵਿਚਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਹਲਕਾ ਰੂਪਨਗਰ ਤੋਂ ਕੋਆਰਡੀਨੇਟਰ ਅਵਤਾਰ ਸਿੰਘ ਕੂੰਨਰ ਬੜਵਾ ਨੇ ਪ੍ਰਗਟਾਏ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਜੜ੍ਹ ਨੂੰ ਸਮਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਹ ਮੁਹਿੰਮ ਤਦ ਹੀ ਕਾਮਯਾਬ ਹੋ ਸਕਦੀ ਹੈ, ਜਦੋਂ ਲੋਕ ਖ਼ੁਦ ਅੱਗੇ ਆ ਕੇ ਆਪਣੀ ਬਣਦੀ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਜਿਥੇ ਵੀ ਕਿਸੇ ਵਿਅਕਤੀ ਨੂੰ ਨਸ਼ਾ ਤਸਕਰੀ ਜਾਂ ਇਸ ਨਾਲ ਸੰਬੰਧਤ ਕੋਈ ਗਤੀਵਿਧੀ ਵੇਖਣ ਨੂੰ ਮਿਲਦੀ ਹੈ, ਉਥੇ ਉਹ ਤੁਰੰਤ ਪੁਲਿਸ ਜਾਂ ਸਰਕਾਰੀ ਹੈਲਪਲਾਈਨ 'ਤੇ ਸੰਪਰਕ ਕਰੇ | ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਗਏ ਹਨ | ਇਨ੍ਹਾਂ ਕੈਂਪਾਂ 'ਚ ਨੌਜਵਾਨਾਂ ਨੂੰ ਨਸ਼ਿਆਂ ਦੇ ਭਿਆਨਕ ਅੰਜਾਮਾਂ ਬਾਰੇ ਜਾਣੂ ਕਰਵਾਇਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਜੂਨ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਸਕੂਲਾਂ 'ਚ ਜਾ ਕੇ ਵੀ ਵਿਦਿਆਰਥੀ ਵਰਗ ਨੂੰ ਵੀ ਇਸ ਮੁਹਿੰਮ ਨਾਲ ਜੋੜ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ |