ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਕਰਨੈਲ ਸਿੰਘ)-ਪੰਜਾਬ ਸਰਕਾਰ ਦੀ ਮਹੱਤਵਪੂਰਨ ਸਿਹਤ ਯੋਜਨਾ 'ਸੀ. ਐਮ. ਯੋਗਸ਼ਾਲਾ' ਦੇ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸੂਬੇ ਭਰ 'ਚ ਸ਼ਾਨਦਾਰ ਤੇ ਉਤਸ਼ਾਹਪੂਰਕ ਢੰਗ ਨਾਲ ਮਨਾਇਆ ਜਾਵੇਗਾ | ਸਚਿਨ ਜੋਸ਼ੀ ਆਯੁਰਵੈਦਿਕ ਦੀ ਅਗਵਾਈ ਹੇਠ ਇਹ ਯੋਗਸ਼ਾਲਾ ਚੱਲ ਰਹੀਆਂ ਹਨ | ਡਾ. ਜੋਤੀ ਨੇ ਦੱਸਿਆ ਕਿ ਇਸ ਵਾਰ ਯੋਗ ਦਿਵਸ ਨੂੰ ਖ਼ਾਸ ਤੌਰ 'ਤੇ ਰਾਜ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਤੇ ਹਰ ਇਕ ਬਲਾਕ ਪੱਧਰ 'ਤੇ ਸਮੂਹਿਕ ਯੋਗ ਅਭਿਆਸ ਪ੍ਰੋਗਰਾਮ, ਯੋਗ ਪ੍ਰਦਰਸ਼ਨ ਅਤੇ ਸਿਹਤ ਜਾਗਰੂਕਤਾ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਯੋਗਸ਼ਾਲਾ 'ਚ ਆਮ ਲੋਕ, ਵਿਦਿਆਰਥੀ, ਨਾਗਰਿਕ, ਸਿਹਤ ਕਰਮਚਾਰੀ ਅਤੇ ਸਮਾਜਿਕ ਸੰਸਥਾਵਾਂ ਦੀ ਵੱਡੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ | ਇਹ ਸਮਾਗਮ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਪੰਜਾਬ ਭਰ 'ਚ ਯੋਗ ਪ੍ਰਤੀ ਜਨ-ਜਾਗਰੂਕਤਾ ਦਾ ਪ੍ਰਤੀਕ ਬਣ ਚੁੱਕਾ ਹੈ | ਉਨ੍ਹਾਂ ਨੇ ਦੱਸਿਆ ਕਿ ਸੀ. ਐੱਮ. ਯੋਗਸ਼ਾਲਾ ਯੋਜਨਾ ਦੇ ਤਹਿਤ ਯੋਗ ਅਧਿਆਪਕ ਸੂਬੇ ਭਰ ਦੇ ਮੁਹੱਲਿਆਂ, ਪਾਰਕਾਂ, ਸਕੂਲਾਂ ਤੇ ਸਮੁਦਾਇਕ ਥਾਵਾਂ 'ਤੇ ਮੁਫ਼ਤ ਯੋਗ ਕਲਾਸਾਂ ਚਲਾ ਰਹੇ ਹਨ | ਸੁਰਿੰਦਰ ਕੁਮਾਰ ਝਾਅ ਜ਼ਿਲ੍ਹਾ ਕੋਆਰਡੀਨੇਟਰ ਰੂਪਨਗਰ ਨੇ ਕਿਹਾ ਕਿ ਇਸ ਵਾਰ ਯੋਗ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ |