ਰੂਪਨਗਰ, 20 ਜੂਨ (ਮਨਜੀਤ ਸਿੰਘ ਸੈਣੀ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਆਪਕ ਪੱਧਰ 'ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਕੀਤੀ ਜਾ ਰਹੀ ਕਾਰਵਾਈ ਸਮੇਤ ਰੂਪਨਗਰ ਪੁਲਿਸ ਵਲੋਂ ਨਸ਼ੇ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਨਸ਼ਾ ਮੁਕਤ ਕਰਨ ਲਈ 118 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ 'ਚ ਦਾਖਲ ਕਰਵਾਇਆ | ਓਪਰੇਸ਼ਨ ਸੀਲ ਤਹਿਤ ਪੰਜਾਬ ਤੇ ਹਿਮਾਚਲ ਪੁਲਿਸ ਦੇ ਸਾਂਝੇ ਇੰਟਰ ਸਟੇਟ ਨਾਕੇ 'ਤੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦਾ ਨਿਰੀਖਣ ਕਰਦਿਆਂ ਐਸ. ਐਸ. ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਐਨ. ਡੀ. ਪੀ. ਐਸ. 64 ਏ ਦੇ ਹੁਕਮਾਂ ਤਹਿਤ ਪਿਛਲੇ 3 ਮਹੀਨਿਆਂ ਦੌਰਾਨ 83 ਵਿਅਕਤੀਆਂ ਤੇ ਇਸ ਮਹੀਨੇ 35 ਹੋਰ ਵਿਅਕਤੀਆਂ ਨੂੰ ਵੀ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ | ਐਸ. ਐਸ. ਪੀ. ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ 'ਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਬਹੁਤ ਸਫਲ ਰਹੀ ਹੈ, ਇਸ ਮੁਹਿੰਮ ਤਹਿਤ 1 ਮਾਰਚ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਰੂਪਨਗਰ 'ਚ ਐਨ. ਡੀ. ਪੀ. ਐਸ. ਐਕਟ ਤਹਿਤ 220 ਪਰਚੇ ਦਰਜ ਕੀਤੇ ਗਏ ਤੇ 346 ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ | ਗੁਲਨੀਤ ਸਿੰਘ ਖੁਰਾਣਾ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ 346 ਨਸ਼ਾ ਤਸਕਰਾਂ ਕੋਲੋਂ 285 ਕਿੱਲੋ ਭੁੱਕੀ, 877 ਗ੍ਰਾਮ ਅਫੀਮ, 566 ਗ੍ਰਾਮ ਚਰਸ, 15 ਹਜ਼ਾਰ 275 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 352 ਟੀਕੇ, 862 ਗ੍ਰਾਮ ਹੈਰੋਇਨ, 3 ਕਿੱਲੋ 228 ਗ੍ਰਾਮ ਨਸ਼ੀਲਾ ਪਾਊਡਰ, 430 ਗ੍ਰਾਮ ਗਾਂਜਾ, 2 ਲੱਖ 56 ਹਜ਼ਾਰ 835 ਰੁਪਏ ਡਰੱਗ ਮਨੀ ਬਰਾਮਦ ਕੀਤੇ ਗਏ | ਪਿੰਡ ਢੇਰੋਵਾਲ ਵਿਖੇ ਅੰਤਰਰਾਜੀ ਨਾਕੇ ਦੀ ਚੈਕਿੰਗ ਕਰਦਿਆਂ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਗੈਰ ਸਮਾਜੀ ਤੱਤ ਅਤੇ ਨਸ਼ਾ ਤਸਕਰ ਅਕਸਰ ਰਾਜਾਂ ਦੀਆਂ ਸਰਹੱਦਾਂ ਦਾ ਫਾਇਦਾ ਚੁਕਦੇ ਹੋਏ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਕੇ ਨਸ਼ਾ ਵੇਚਦੇ ਅਤੇ ਖਰੀਦਦੇ ਹਨ ਅਤੇ ਇਸ ਸਪਲਾਈ ਲਾਈਨ ਨੂੰ ਜੜ੍ਹੋਂ ਤਬਾਹ ਕਰਨ ਦੇ ਮੰਤਵ ਨਾਲ ਹੀ ਪੰਜਾਬ ਤੇ ਹਿਮਾਚਲ ਪੁਲਿਸ ਵਲੋਂ ਸੰਯੁਕਤ ਰੂਪ 'ਚ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ | ਐਸ. ਐਸ. ਪੀ. ਨੇ ਦੱਸਿਆ ਕਿ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਨਾਕੇ 'ਤੇ ਫੜੇ ਗਏ ਕਿਸੇ ਵੀ ਸ਼ੱਕੀ ਵਿਅਕਤੀ ਦੀ ਜਾਣਕਾਰੀ ਤੁਰੰਤ ਮੁਹੱਈਆਂ ਹੋ ਜਾਂਦੀ ਹੈ ਜਿਸ ਉਪਰੰਤ ਗੈਰ ਸਮਾਜੀ ਤੱਤਾਂ ਖ਼ਿਲਾਫ਼ ਕਾਰਵਾਈ ਕਰਨਾ ਆਸਾਨ ਹੋ ਜਾਂਦਾ ਹੈ | ਇਸ ਮੌਕੇ ਡੀ. ਐਸ. ਪੀ. ਰਾਜਪਾਲ ਸਿੰਘ ਗਿੱਲ, ਐਸ. ਐਚ. ਓ. ਗੁਰਵਿੰਦਰ ਸਿੰਘ ਢਿੱਲੋਂ ਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਹੋਰ ਉੱਚ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ |