ਢਿੱਡ, ਫਰਿੱਜ ਤੇ ਡਸਟਬਿਨ 'ਚ ਵੱਡਾ ਅੰਤਰ ਹੈ-ਰੋਜ਼ੀ ਸ਼ਰਮਾ
ਨੰਗਲ-'ਢਿੱਡ, ਫਰਿੱਜ ਤੇ ਡਸਟਬਿਨ 'ਚ ਵੱਡਾ ਅੰਤਰ ਹੈ ਪਰ ਸਕੂਲ ਪੱਧਰ 'ਤੇ ਜਾਗਰੂਕਤਾ ਦੀ ਘਾਟ ਕਾਰਨ ਅਸੀਂ ਤਿੰਨੇ ਥਾਈਾ ਤੁੰਨੀ ਜਾ ਰਹੇ ਹਾਂ' | ਇਹ ਵਿਚਾਰ ਹਨ ਨੰਗਲ ਦੀ ਨਿਸ਼ਕਾਮ ਯੋਗ ਟੀਚਰ ਰੋਜ਼ੀ ਦੇ, ਜਿਨ੍ਹਾਂ ਦੀ ਜ਼ਿੰਦਗੀ ਦਾ ਮੰਤਵ ਸੱਥਾਂ 'ਚ ਸਿਹਤ ਸੁਨੇਹਾ ਦੇਣਾ ਹੈ | ਹਰ ਸ਼ਾਮ ਡਬਲ ਡੀ. ਬਲਾਕ ਦੇ ਵਾਟਰ ਟੈਂਕ ਮੈਦਾਨ 'ਚ ਉਹ ਇਸਤਰੀਆਂ ਨੂੰ ਯੋਗ ਕਰਵਾਉਂਦੇ ਹਨ | ਰੋਜ਼ੀ ਲੰਘੇ ਦੋ ਦਹਾਕਿਆਂ ਤੋਂ ਇਸਤਰੀਆਂ ਨੂੰ ਮੁਫ਼ਤ ਯੋਗ ਸਾਧਨਾ ਕਰਵਾਉਂਦੀ ਹੈ | ਬਾਬਾ ਰਾਮ ਦੇਵ ਜੀ ਦੀ ਪਤੰਜਲੀ ਯੋਗ ਪੀਠ ਹਰਿਦੁਆਰ ਦੀ ਨਿਸ਼ਕਾਮ ਪ੍ਰਚਾਰਕ ਰੋਜ਼ੀ ਦੱਸਦੀ ਹੈ 'ਤੁਹਾਡੇ ਘਰੋਂ 90 ਫੀਸਦੀ ਬੀਮਾਰੀਆਂ ਭੱਜ ਜਾਣਗੀਆਂ ਜੇ ਤੁਸੀਂ ਤਾਜ਼ਾ ਪਕਾਓਗੇ ਤੇ ਤਾਜ਼ਾ ਖਾਓਗੇ |' ਫਰਿੱਜ ਤਾਂ ਖਾਸ ਦਵਾਈਆਂ ਜਾਂ ਮੀਟ ਰੱਖਣ ਲਈ ਹੈ.....ਸਾਗ ਵੀ ਰੱਖਿਆ ਜਾ ਸਕਦਾ ਹੈ ਪਰ ਆਟਾ, ਦਾਲ, ਸਬਜ਼ੀਆਂ ਬਣਾ ਕੇ ਫਰਿੱਜ 'ਚ ਰੱਖਣਾ ਘਾਤਕ ਹੈ |' ਡੋਲੇ ਬਣਾਉਣ ਲਈ ਸਪਲੀਮੈਂਟ ਖਾਣੇ, ਜਿੰਮ 'ਚ ਕਸਰਤ ਕਰਨਾ ਠੀਕ ਨਹੀਂ ਕਸਰਤ ਖੁਲ੍ਹੀ ਥਾਂ ਹੀ ਕਰੋ ਅਤੇ ਡੱਬਾ ਬੰਦ ਉਤਪਾਦ ਦੀ ਥਾਂ ਸਾਵੀਂ ਖੁਰਾਕ ਹੀ ਖਾਓ | ਚਾਹ, ਕੌਫ਼ੀ, ਨੂਡਲਜ਼, ਬਰਗਰ, ਸਮੋਸੇ, ਕੇਕ, ਕੋਲਡ ਡਰਿੰਕ ਦੀ ਸਖ਼ਤ ਵਿਰੋਧੀ ਰੋਜ਼ੀ ਘਰ ਘਰ ਜਾ ਕੇ ਲੋਕਾਂ ਨੂੰ ਸਿਹਤ ਸੰਭਾਲ ਲਈ ਜਾਗਰੂਕ ਕਹ ਰਹੀ ਹੈ |
ਲੰਬੀ ਨਹੀਂ.... ਤੰਦਰੁਸਤ ਜ਼ਿੰਦਗੀ ਹੀ ਮਹੱਤਵਪੂਰਨ-ਕਮਲੇਸ਼ ਨੱਡਾ
'ਬਹੁਤੀ ਲੰਬੀ ਤੇ ਰੀਂਗਦੀ ਜ਼ਿੰਦਗੀ ਤਾਂ ਨਰਕ ਭੋਗਣ ਵਾਂਗ ਹੈ, ਜ਼ਿੰਦਗੀ ਦਾ ਮਹੱਤਵ ਤਾਂ ਹੀ ਹੈ ਜੇ ਤੁਸੀਂ ਤੰਦਰੁਸਤ ਹੋ' ਇਹ ਵਿਚਾਰ ਪ੍ਰਸਿੱਧ ਯੋਗ ਟੀਚਰ ਮੈਡਮ ਕਮਲੇਸ਼ ਨੱਡਾ ਨੇ ਇਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਯੋਗ ਗੁਰੂ ਬਾਬਾ ਰਾਮ ਦੇਵ ਦੀ ਕੱਟੜ ਭਗਤ ਮੈਡਮ ਕਮਲੇਸ਼ ਨੱਡਾ ਨੇ ਕਿਹਾ ਕਿ ਸਰਕਾਰ ਨੂੰ ਵਿਸ਼ੇਸ਼ ਹਾਲਾਤਾਂ 'ਚ ਜਦੋਂ ਜ਼ਿੰਦਗੀ ਬੀਮਾਰੀ ਕਾਰਨ ਰੀਂਗ ਰਹੀ ਹੋਵੇ, ਨਾਗਰਿਕਾਂ ਨੂੰ ਖੁਦਕੁਸ਼ੀ ਕਰਨ ਦਾ ਅਧਿਕਾਰ ਦੇ ਦੇਣਾ ਚਾਹੀਦਾ ਹੈ | ਲੰਘੇ ਦੋ ਦਹਾਕਿਆਂ ਤੋਂ ਲੋਕਾਂ ਨੂੰ ਮੁਫ਼ਤ ਯੋਗ ਸਾਧਨਾ ਕਰਵਾ ਰਹੇ ਮੈਡਮ ਕਮਲੇਸ਼ ਨੱਡਾ 'ਠਾਹ ਸੋਟਾ ਟਿੱਪਣੀਕਾਰ' ਵੀ ਹਨ | ਸਾਡੇ ਸਮਾਜ 'ਚ ਬੰਦੇ ਹਾਰਟ ਅਟੈਕ ਹੋਣ ਮਗਰੋਂ ਘੀਆ ਖਾਂਦੇ ਹਨ ਅਤੇ ਸੈਰ ਸ਼ੁਰੂ ਕਰਦੇ ਹਨ | ਸਾਰੀ ਉਮਰ ਦੱਬ ਕੇ 'ਚਾਰ ਚਿੱਟੇ' (ਲੂਣ-ਚੀਨੀ-ਮੈਦਾ-ਘਿਓ) ਖਾਂਦੇ ਹਨ, ਜਦੋਂ ਸ਼ੂਗਰ ਹੁੰਦੀ ਹੈ ਤਾਂ ਸਭ ਕੁਝ ਤਿਆਗ ਦਿੰਦੇ ਹਨ | ਸਰਕਾਰ ਨੂੰ ਦਸਵੀਂ ਤੱਕ ਮੋਬਾਈਲ ਫੋਨ ਦੀ ਵਰਤੋਂ ਤੁਰੰਤ ਰੋਕ ਦੇਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ 'ਚ ਸਰਵਾਈਕਲ ਪੀੜਤ, ਐਨਕਾਂ ਵਾਲੇ ਤੇ ਮੋਟਾਪੇ ਦਾ ਸ਼ਿਕਾਰ ਬੱਚੇ ਹੀ ਨਜ਼ਰ ਆਉਣਗੇ | ਸਕੂਲਾਂ 'ਚ ਅੰਤਿਮ ਘੰਟੀ 'ਸਮਾਈਲ ਕਲਾਸ' ਹੋਣੀ ਚਾਹੀਦੀ ਹੈ ਜਿਥੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਸਾਡੇ ਰੋਲ ਮਾਡਲ ਭਾਈ ਘਨੱਈਆ, ਭਾਈ ਲਾਲੋ ਹਨ |
ਚਰਚਾ 'ਚ ਹੈ ਯੋਗ ਟੀਚਰ ਸ਼ਿਵਾਨੀ ਠਾਕੁਰ
ਕਮਾਲ ਦੀ ਸ਼ਖ਼ਸੀਅਤ ਹੈ ਯੋਗ ਟੀਚਰ ਮੈਡਮ ਸ਼ਿਵਾਨੀ ਠਾਕੁਰ | ਸ਼ਿਵਾਨੀ ਠਾਕੁਰ ਇਸਤਰੀਆਂ ਦੀ ਸਿਹਤ ਨੂੰ ਰਾਸ਼ਟਰ ਦੀ ਸਿਹਤ ਲਈ ਜ਼ਰੂਰੀ ਮੰਨਦੀ ਹੈ | ਸ਼ਿਵਾਨੀ ਠਾਕੁਰ ਇਸਤਰੀਆਂ ਨੂੰ ਮੁਫ਼ਤ ਯੋਗ ਸਾਧਨਾ ਕਰਵਾਉਂਦੀ ਹੈ | ਉਸ ਦੀਆਂ ਆਨਲਾਈਨ ਕਲਾਸਾ ਦਾ ਦੂਰ ਦੁਰਾਡੇ ਬੈਠੀਆਂ ਇਸਤਰੀਆਂ ਵੀ ਲਾਭ ਲੈ ਰਹੀਆਂ ਹਨ | ਸ਼ਿਵਾਨੀ ਦਾ ਸਿਹਤ ਸੁਨੇਹਾ ਬੜਾ ਹੀ ਸਿੰਪਲ ਹੈ, 'ਡੋਲੇ ਬਣਾਉਣੇ-ਜਿੰਮ ਜਾਓ' 'ਦਿਮਾਗ ਠੀਕ ਰੱਖਣਾ-ਕਿਤਾਬ ਪੜ੍ਹੋ' 'ਦਿੱਲ ਠੀਕ ਰੱਖਣਾ-ਸੈਰ ਕਰੋ' 'ਸਾਰਾ ਸਰੀਰ ਠੀਕ ਰੱਖਣਾ-ਰਸੋਈ 'ਚ ਵੜੋ' | ਰਸੋਈ ਤਾਂ ਸਾਰੇ ਰੋਗਾਂ ਦੀ ਜੜ੍ਹ ਵੱਢ ਦਿੰਦੀ ਹੈ ਕਿਉਂਕਿ ਰਸੋਈ 'ਚ ਹਲਦੀ, ਕਾਲੀ ਮਿਰਚ, ਔਲਾ, ਪੁਦੀਨਾ ਚਟਨੀ, ਤੁਲਸੀ ਪੱਤੇ ਆਦਿ ਹਨ | 1960 ਤੋਂ ਪਹਿਲਾਂ ਅਸੀ ਸਾਂਵੀ ਖੁਰਾਕ ਖਾਂਦੇ ਸੀ, ਮੋਟੇ ਅਨਾਜ ਵਾਲੀ | ਹਰੀ ਕ੍ਰਾਂਤੀ ਨੇ ਸਾਨੂੰ ਕਣਕ ਤੇ ਚੋਲਾਂ ਦਾ ਗੁਲਾਮ ਬਣਾ ਦਿੱਤਾ | 1990 ਮਗਰੋਂ ਬਾਜ਼ਾਰ 'ਚ ਫਾਸਟ ਫੂਡ, ਡੱਬਾ ਬੰਦ, ਭੋਜਨ, ਕੋਲਡ ਡਰਿੰਕਸ ਦਾ ਹੜ੍ਹ ਆ ਗਿਆ | ਜਿਸ ਸਪੀਡ ਨਾਲ ਲੋਕਾਂ ਨੇ ਬਾਹਰ ਦਾ ਖਾਣਾ ਸ਼ੁਰੂ ਕੀਤਾ, ਉਸੇ ਸਪੀਡ ਨਾਲ ਦਵਾਈ ਦੀਆਂ ਦੁਕਾਨਾਂ, ਲੈਬਾਂ ਤੇ ਹਸਪਤਾਲ ਵੀ ਵਧੇ | ਸਾਬਕਾ ਕੌਂਸਲਰ ਤੇ ਬੇਬਾਕ ਟਿੱਪਣੀਕਾਰ ਸ਼ਿਵਾਨੀ ਠਾਕੁਰ ਜਦੋਂ ਕੌਂਸਲਰ ਸੀ ਤਾਂ ਸਾਰੀ ਆਮਦਨ ਲੋਕਾਂ 'ਤੇ ਖਰਚਦੀ ਸੀ | ਹੁਣ ਵੀ ਲੋਕ ਭਲਾਈ ਕਰਦੀ ਹੈ | ਇਕ ਸਵਾਲ ਦੇ ਜਵਾਬ ਦੇ ਜਵਾਬ 'ਚ ਸ਼ਿਵਾਨੀ ਨੇ ਕਿਹਾ 'ਸਿਕੰਦਰ ਦਾ ਬਟੂਆ ਕਿਹੜੇ ਸਵਰਗ 'ਚ ਪਿਆ ਹੈ |? ਪੈਸਾ ਮਹੱਤਵਪੂਰਨ ਹੈ ਪਰ ਸਭ ਤੋਂ ਅਹਿਮ ਹੈ 2 ਚੀਜਾਂ ਹੀ ਹਨ : ਸਿਹਤ ਤੇ ਘਰ , ਜਿਹੜਾ ਕਾਟੋਕਲੇਸ਼ ਤੋਂ ਮੁਕਤ ਹੋਵੇ |
ਸੱਥਾਂ 'ਚ ਸਿਹਤ ਸੁਨੇਹਾ ਦੇਣਾ ਹੀ ਜ਼ਿੰਦਗੀ ਦਾ ਮੰਤਵ
ਅਜੀਤ ਡੈਸਕ
21-06-2025