ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਕਤਲੌਰ ਦੇ ਬੱਸ ਅੱਡੇ ਤੋਂ ਇਕ ਨੌਜਵਾਨ ਨੂੰ 10 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਇਸ ਸੰਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਸੁਦੇਸ਼ ਕੁਮਾਰ ਵਲੋਂ ਏ. ਐਸ. ਆਈ. ਬੱਲਬ ਸਿੰਘ ਆਦਿ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਭੈੜੇ ਅਨਸਰਾਂ ਦੀ ਚੈਕਿੰਗ ਸੰਬੰਧੀ ਇਥੋਂ ਦੇ ਨਹਿਰੀ ਪੁਲ ਤੋਂ ਪਿੰਡ ਧੌਲਰਾਂ ਵਲ ਜਾ ਰਹੇ ਸੀ ਅਤੇ ਇਹ ਪੁਲਿਸ ਪਾਰਟੀ ਜਦੋਂ ਪਿੰਡ ਕਤਲੌਰ ਦੇ ਬੱਸ ਅੱਡੇ ਕੋਲ ਪੁੱਜੀ ਤਾਂ ਉਥੇ ਇਕ ਨੌਜਵਾਨ ਖੜ੍ਹਾ ਸੀ ਜੋ ਪੁਲਿਸ ਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਉਹ ਆਪਣੇ ਹੱਥ ਫੜਿਆ ਪਲਾਸਟਿਕ ਦਾ ਇਕ ਪਾਰਦਰਸ਼ੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੁੱਟ ਕੇ ਭੱਜਣ ਲੱਗਾ, ਜਿਸ ਨੂੰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਸ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ | ਇਸ ਨੌਜਵਾਨ ਦੀ ਪਹਿਚਾਣ ਸਤਵੀਰ ਸਿੰਘ ਉਰਫ਼ ਵਿਕੀ ਵਜੋਂ ਹੋਈ ਹੈ | ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਤਵੀਰ ਸਿੰਘ ਉਰਫ਼ ਵਿਕੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |