16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੀਹੋਂ ਲੱਥੀ 'ਸਾਫ਼ ਰੂਪਨਗਰ ਮੁਹਿੰਮ' ਅੱਧ ਵਾਟੇ ਹੰਭੀ <br/>

ਅਜੀਤ ਡੈਸਕ 21-06-2025
ਰੂਪਨਗਰ, 20 ਜੂਨ (ਯਸ਼ਵੰਤ ਬੱਸੀ)-ਸਾਫ਼ ਰੂਪਨਗਰ ਮੁਹਿੰਮ ਦਾ ਆਗਾਜ਼ ਪ੍ਰਸ਼ਾਸਨ ਵਲੋਂ ਗਿਆਨੀ ਜ਼ੈਲ ਸਿੰਘ ਨਗਰ ਦੇ ਮੁੱਖ ਪਾਰਕ ਡੇਢ ਕੁ ਮਹੀਨਾ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਨਗਰ ਕੌਂਸਲ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਮੌਜੂਦਗੀ 'ਚ ਕੀਤਾ ਗਿਆ ਸੀ | ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਜਨ ਜਾਗਰੂਕਤਾ ਲਹਿਰ ਦਾ ਮਕਸਦ ਸਹਿਰ ਵਾਸੀਆਂ 'ਚ ਸਵੱਛਤਾ ਜਾਗਰੂਕਤਾ ਪੈਦਾ ਕਰ ਸ਼ਹਿਰ ਨੂੰ ਸੁੰਦਰ ਬਣਾਉਣਾ ਸੀ | ਇਸ ਮੁਹਿੰਮ ਨੂੰ ਸ਼ੁਰੂ ਕਰਨ ਲਈ ਸ਼ਹਿਰ ਦੇ ਪੌਸ਼ ਖੇਤਰ ਗਿਆਨੀ ਜ਼ੈਲ ਸਿੰਘ ਨਗਰ ਨੂੰ ਚੁਣਿਆ ਗਿਆ, ਇਸ ਕਾਲੋਨੀ ਨੂੰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕਈ ਦਿਨ ਪਹਿਲਾਂ ਹੀ ਸਫ਼ਾਈ ਕਰ ਰਸਮੀ ਉਦਘਾਟਨ ਲਈ ਤਿਆਰ ਕਰ ਦਿੱਤਾ ਸੀ | ਪ੍ਰੋਗਰਾਮ ਦੌਰਾਨ ਤਕਰੀਰਾਂ, ਦਾਅਵਿਆਂ, ਵਾਇਦਿਆਂ ਤੇ ਇਕੱਠ ਤੋਂ ਆਸ ਬੱਝੀ ਸੀ ਕਿ ਸਮੂਹਕ ਯਤਨਾਂ ਨਾਲ ਸਹਿਰ ਰੂਪਨਗਰ ਹੋ ਜਾਵੇਗਾ | ਪਰ ਕੁਝ ਦਿਨਾਂ ਬਾਅਦ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੇ ਮੁਹਿੰਮ ਨੂੰ ਮੱਠਾ ਕਰ ਦਿੱਤਾ, ਗੰਦਗੀ ਦੇ ਢੇਰ ਹਰ ਪਾਸੇ ਉਸਰਨ ਲੱਗੇ | ਕਾਲੋਨੀ 'ਚ ਸਫ਼ਾਈ ਮੁਹਿੰਮ ਦੌਰਾਨ ਚੁੱਕ ਹੋਣ ਵਾਲੇ ਢੇਰ/ਢੇਰੀਆਂ ਧਰੇ ਧਰਾਏ ਰਹਿ ਗਏ, ਕਈ ਤਾਂ 50 ਦਿਨ ਬੀਤਣ ਤੋਂ ਬਾਅਦ ਅੱਜ ਵੀ ਓਵੇਂ ਹੀ ਪਏ ਹਨ | ਸਰਹਿੰਦ ਨਹਿਰ ਵਾਲੇ ਪਾਸਿਓਾ ਕੈਨਾਲ ਵਿਊ ਕਾਲੋਨੀ ਮੋੜ 'ਤੇ ਕੂੜੇ ਦਾ ਢੇਰ ਪਿਛਲੇ ਡੇਢ ਮਹੀਨੇ ਤੋਂ ਬਿਰਾਜ਼ਮਾਨ ਹੈ, ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਦਾ ਸਜਿਆ ਇਹ ਢੇਰ ਚੱਕ ਹੋਣ ਦੀ ਥਾਂ ਹੋਰ ਉਫ਼ਨਕੇ ਸੜਕ ਤੱਕ ਖਿੱਲਰ ਚੁੱਕਿਆ ਹੈ | ਜ਼ੈਲ ਸਿੰਘ ਨਗਰ 'ਚ ਦਾਖਲ ਹੋਣ ਵਾਲੀ ਇਸ ਚੌੜੀ ਸੜਕ ਨੂੰ ਕੂੜੇ ਦੇ ਨਾਲ-ਨਾਲ ਫੈਲੇ ਮਲਬੇ ਨੇ ਇਸ ਐਂਟਰੀ ਪੁਆਇੰਟ ਨੂੰ ਹੋਰ ਵੀ ਤਰਸਯੋਗ ਬਣਾ ਦਿੱਤਾ ਹੈ | ਇਹੋ ਜਿਹੀ ਹੀ ਹਾਲਤ ਹੈ ਗਿਆਨੀ ਜ਼ੈਲ ਸਿੰਘ ਨਗਰ ਦੀ ਬੂਥ ਮਾਰਕੀਟ ਦੇ ਸਾਹਮਣੇ ਵਾਲੀ ਗ੍ਰੀਨ ਬੈਲਟ ਤੇ ਇਸੇ ਮਾਰਕੀਟ ਦੇ ਸੈਂਟਰ 'ਚ ਮੌਜੂਦ ਨਿੱਕੇ ਪਾਰਕ ਦੀ, ਇਥੇ ਗੰਦਗੀ ਸੁੱਟਣ ਕੋਈ ਬਾਹਰੋਂ ਨਹੀਂ ਆਉਂਦਾ | ਗੰਦਗੀ ਦੇ ਢੇਰਾਂ ਤੋਂ ਇਲਾਵਾ ਇਸ ਯੋਜਨਾਬੱਧ ਤਰੀਕੇ ਨਾਲ ਬਣੀ ਪੌਸ਼ ਕਾਲੋਨੀ ਦੀ ਪਾਰਕਿੰਗ, ਘਰਾਂ ਦੇ ਬਾਹਰ, ਮਾਰਕੀਟ ਤੇ ਸੜਕਾਂ ਦੇ ਕੰਢੇ ਹਰ ਜਗ੍ਹਾ ਗਾਜਰ ਬੂਟੀ ਅਤੇ ਭੰਗ ਦੇ ਬੂਟਿਆਂ ਦੀ ਭਰਮਾਰ ਹੈ | ਜਗ੍ਹਾ-ਜਗ੍ਹਾ ਉੱਗੇ ਅਣਚਾਹੇ ਬੂਟੇ ਤੇ ਖਿਲਰੀ ਗੰਦਗੀ ਜਿਥੇ ਦੇਖਣ ਨੂੰ ਭੱਦੀ ਲੱਗਦੀ ਹੈ ਉੱਥੇ ਹੀ ਕਲੋਨੀ ਨਿਵਾਸੀਆਂ ਦੀ ਸਿਹਤ ਤੇ ਵਾਤਾਵਰਨ ਲਈ ਗੰਭੀਰ ਖ਼ਤਰੇ ਵੀ ਪੈਦਾ ਕਰਦੀ ਹੈ | ਬੇਸ਼ੱਕ ਸਹਿਰ ਦੀ ਸਫ਼ਾਈ ਦੀ ਮੁੱਢਲੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ, ਪਰ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਸਾਫ਼ ਰੂਪਨਗਰ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਸਹਿਰ ਵਾਸੀ ਇਸ ਦਾ ਹਿੱਸਾ ਬਣ ਆਪਣੇ ਘਰਾਂ, ਗਲੀ, ਮੁਹੱਲੇ ਤੇ ਜਨਤਕ ਥਾਂਵਾਂ ਦੀ ਸਵੱਛਤਾ ਦਾ ਆਪ ਧਿਆਨ ਰੱਖਣ ਦੀ ਆਦਤ ਵਿਕਸਤ ਨਹੀਂ ਕਰ ਲੈਂਦੇ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕਾਲਜ ਰੋਪੜ ਵਿਖੇ ਅੱਜ ਅਗਲੀ ਖ਼ਬਰ ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਸੈਮੀਨਾਰ ਤੇ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।