ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਕਰਨੈਲ ਸਿੰਘ)-ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਦੇ ਹੁਕਮਾਂ ਤਹਿਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਖੂਨ ਕੇਂਦਰ ਵਲੋਂ ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਇਕ ਸੈਮੀਨਾਰ ਲਗਾਇਆ | ਸੈਮੀਨਾਰ 'ਚ ਸਥਾਨਕ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੂੰ ਖ਼ੂਨਦਾਨ ਪ੍ਰਤੀ ਪ੍ਰੇਰਿਤ ਕੀਤਾ | ਡਾ. ਪੀ. ਜੇ. ਐਸ. ਕੰਗ ਪ੍ਰਧਾਨ ਰੋਟਰੀ ਕਲੱਬ ਨੇ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਤੇ ਸੈਮੀਨਾਰ 'ਚ ਹਾਜ਼ਰ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖ਼ੂਨਦਾਨ ਉੱਤਮ ਦਾਨ ਹੈ | ਕਿਸੇ ਵਲੋਂ ਦਾਨ ਕੀਤੇ ਖੂਨ ਰਾਹੀਂ ਕਈ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਦਾਨ ਕੀਤਾ ਖ਼ੂਨਦਾਨ ਕਰਨ ਵਾਲੇ ਦੇ ਸਰੀਰ 'ਚ 24 ਘੰਟੇ 'ਚ ਪੂਰਾ ਹੋ ਜਾਂਦਾ ਹੈ | ਕੋਈ ਵੀ ਸਿਹਤਮੰਦ ਇਨਸਾਨ 3 ਮਹੀਨੇ ਬਾਅਦ ਖ਼ੂਨਦਾਨ ਕਰ ਸਕਦਾ ਹੈ | ਨਿਯਮਿਤ ਖ਼ੂਨਦਾਨ ਕਰਨ ਲਈ ਸਰੀਰ ਨਿਰੋਗ ਰਹਿੰਦਾ ਹੈ | ਡਾ. ਕੰਵਰਪ੍ਰੀਤ ਸਿੰਘ ਲੌਂਗੀਆਂ ਸੀਨੀਅਰ ਮੈਡੀਕਲ ਅਫ਼ਸਰ ਨੇ ਉਚੇਚੇ ਤੌਰ 'ਤੇ ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸੀਪਲ ਭਾਈ ਚਰਨਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਰੋਟਰੀ ਕਲੱਬ ਦੇ ਪ੍ਰਧਾਨ ਡਾ. ਕੰਗ ਨੇ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਤੇ ਪਿ੍ੰਸੀਪਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਬਲੱਡ ਬੈਂਕ ਨੂੰ ਸਿੱਖ ਮਸ਼ੀਨਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਖ਼ੂਨਦਾਨ ਕਰਨ 'ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਡਾ. ਰਣਬੀਰ ਸਿੰਘ ਮੈਡੀਸਨ ਸਪੈਸ਼ਲਿਸਟ ਵਲੋਂ ਖ਼ੂਨਦਾਨੀਆਂ ਨੂੰ ਉਤਸਾਹਿਤ ਕੀਤਾ ਅਤੇ ਇਸ ਸਮਾਜ ਭਲਾਈ ਦੇ ਸਭ ਤੋਂ ਉੱਤਮ ਕਾਰਜ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਵਿਸ਼ਵ ਖ਼ੂਨਦਾਨ ਦਿਵਸ ਨੂੰ ਸਮਰਪਿਤ ਇਕ ਜਾਗਰੂਕਤਾ ਰੈਲੀ ਕੱਢੀ, ਜਿਸ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਰਪ੍ਰੀਤ ਸਿੰਘ ਲੌਂਗੀਆਂ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਵਿਦਿਆਰਥੀਆਂ ਤੇ ਖ਼ੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਇਸ ਮੌਕੇ ਡਾ. ਸੁਹੇਲ ਬਸੋਆ, ਡਾ. ਅਮਰਿੰਦਰ ਸਿੰਘ, ਡਾ. ਪੰਕਜ, ਰਾਣਾ ਬਖ਼ਤਾਵਰ ਸਿੰਘ, ਨੀਰਜ ਸ਼ਰਮਾ, ਰੁਬਿੰਦਰ ਕੌਰ, ਸੁਰਿੰਦਰਪਾਲ ਸਿੰਘ, ਅਨੀਤਾ, ਅਰਾਧਨਾ ਤੇ ਮੋਨਿਕਾ ਹਾਜ਼ਰ ਸਨ |