ਰੂਪਨਗਰ, 20 ਜੂਨ (ਮਨਜੀਤ ਸਿੰਘ ਸੈਣੀ)-ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਥੈਲੇਸੀਮੀਆ ਸੰਬੰਧੀ ਇਕ ਜਾਂਚ ਕੈਂਪ ਦਾ ਆਯੋਜਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਐਡਵੋਕੇਟ ਦਿਨੇਸ਼ ਚੱਢਾ ਵਲੋਂ ਇਸ ਮੌਕੇ ਕੈਂਪ 'ਚ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਪੂਰਨ ਭਰੋਸਾ ਦਿੱਤਾ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਥੈਲੇਸੀਮੀਆ ਮਰੀਜ਼ ਦੀ ਪੰਜਾਬ ਸਰਕਾਰ ਵਲੋਂ ਡੇਢ ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਂਦੀ ਹੈ | ਟ੍ਰੇਨਿੰਗ ਦੌਰਾਨ ਫੋਰਟਿਸ ਹਸਪਤਾਲ ਗੁੜਗਾਉਂ ਤੋਂ ਡਾ. ਵਿਕਾਸ ਦੁਆ ਵਿਸ਼ੇਸ਼ ਤੌਰ 'ਤੇ ਮਰੀਜ਼ਾਂ ਦੀ ਕਾਊਾਸਲਿੰਗ ਸੰਬੰਧੀ ਪਹੁੰਚੇ | ਉਨ੍ਹਾਂ ਦੱਸਿਆ ਕਿ ਜਿਹੜੇ ਥੈਲੇਸੀਮੀਆ ਦੇ ਬੱਚੇ 12 ਸਾਲ ਤੋਂ ਛੋਟੇ ਹਨ, ਉਨ੍ਹਾਂ ਦੇ ਇਲਾਜ ਲਈ ਕੋਲ ਇੰਡੀਆ ਵਲੋਂ 10 ਲੱਖ ਰੁਪਏ, ਪ੍ਰਧਾਨ ਮੰਤਰੀ ਰਾਹਤ ਕੋਸ਼ ਫ਼ੰਡ 'ਚੋਂ 3 ਲੱਖ ਰੁਪਏ ਅਤੇ ਐਨ. ਜੀ. ਓ. ਦੇ ਸਹਿਯੋਗ ਨਾਲ 3 ਲੱਖ ਰੁਪਏ ਦਿੱਤੇ ਜਾਂਦੇ ਹਨ ਕੁਲ ਮਿਲਾ ਕੇ 16 ਲੱਖ ਰੁਪਏ ਉਨ੍ਹਾਂ ਦੇ ਇਲਾਜ ਵਾਸਤੇ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਹ ਇਲਾਜ ਫੋਰਟੀਜ ਹਸਪਤਾਲ ਗੁੜਗਾਵਾਂ ਵਿਖੇ ਕੀਤਾ ਜਾਂਦਾ ਹੈ, ਇਸ 'ਚ ਮਰੀਜ਼ ਦਾ ਬੋਨ ਮੈਰੋ ਟਰਾਂਸਪਲੇਸ਼ਨ ਕੀਤੀ ਜਾਂਦੀ ਹੈ ਜਿਸ ਦੌਰਾਨ ਮਰੀਜ਼ ਨੂੰ ਹਸਪਤਾਲ ਵਿਚ 21 ਦਿਨਾਂ ਲਈ ਦਾਖਲ ਰਹਿਣਾ ਪੈਂਦਾ ਹੈ | ਥੈਲੇਸੀਮੀਆ ਦੇ ਮਰੀਜ਼ 12 ਸਾਲ ਤੋਂ ਵੱਧ ਉਮਰ ਦੇ ਨੇ, ਉਨ੍ਹਾਂ ਨੂੰ ਸਿਰਫ਼ 6 ਲੱਖ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਦੇ ਮੁਫ਼ਤ ਐਚ. ਐਲ. ਏ .ਟੈੱਸਟ ਵੀ ਕੀਤੇ ਗਏ | ਬੱਚਿਆਂ ਦੇ ਮਾਹਿਰ ਡਾ. ਗੁਰਸੇਵਕ ਸਿੰਘ ਤੇ ਜੰਮੂ ਕਸ਼ਮੀਰ ਤੋਂ ਡਾ. ਪਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਡਾ. ਸਵਪਨਜੀਤ ਕੌਰ, ਡਾ. ਉਪਿੰਦਰ ਸਿੰਘ, ਰਵਿੰਦਰ ਸਿੰਘ ਤੇ ਮੈਡਮ ਅਨੁਰਾਧਾ ਹਾਜ਼ਰ ਸਨ |