ਰੂਪਨਗਰ, 20 ਜੂਨ (ਯਸ਼ਵੰਤ ਬੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਮੇਸ਼ਾ ਦੀ ਤਰ੍ਹਾਂ ਹੀ ਜਦੋਂ ਵੀ ਕੋਈ ਗਰਾਂਟ ਜਾਰੀ ਕੀਤੀ ਜਾਂਦੀ ਹੈ, ਤਾਂ ਉਸ ਨੂੰ ਇਕ ਜਾਂ ਦੋ ਦਿਨ 'ਚ ਖਰਚਣ ਲਈ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ | ਇਸੇ ਤਹਿਤ ਹੀ ਵਿਭਾਗ ਵਲੋਂ ਹੁਣ ਸਕੂਲਾਂ ਨੂੰ ਮਿਡ-ਡੇ-ਮੀਲ ਤਹਿਤ ਰਸੋਈ ਦੇ ਲਈ ਭਾਂਡੇ ਖਰਚਣ ਦੀ ਗਰਾਂਟ ਜਾਰੀ ਕੀਤੀ ਗਈ ਹੈ ਅਤੇ ਇਹ ਗਰਾਂਟ ਵੀ ਵਰਤਣ ਦੇ ਲਈ ਸਿਰਫ ਦੋ ਦਿਨ ਦਾ ਸਮਾਂ ਹੀ ਦਿੱਤਾ ਗਿਆ ਹੈ | ਜਦ ਕਿ ਵਿਭਾਗੀ ਹਦਾਇਤਾਂ ਤਹਿਤ ਗਰਾਂਟ ਖਰਚਣ ਦੇ ਲਈ ਪਹਿਲਾਂ ਕੁਝ ਦੁਕਾਨਾਂ ਤੋਂ ਕੁਟੇਸ਼ਨ ਲੈਣੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਕੁਟੇਸ਼ਨ ਦਾ ਮਿਲਾਨ ਕਰਕੇ ਵਧੀਆ ਕੁਆਲਿਟੀ ਅਤੇ ਘੱਟ ਰੇਟ ਵਾਲਾ ਸਮਾਨ ਹੀ ਖਰੀਦਣਾ ਹੁੰਦਾ ਹੈ | ਇੰਨੇ ਘੱਟ ਸਮੇਂ 'ਚ ਅਜਿਹਾ ਕਰਨਾ ਸੰਭਵ ਨਹੀਂ ਦੂਜਾ ਇਨ੍ਹਾਂ ਦਿਨਾਂ ਵਿਚ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਜਦ ਕਿ ਸਕੂਲਾਂ ਨੂੰ ਇਹ ਗਰਾਂਟ 23 ਜੂਨ ਤੱਕ ਖਰਚਣ ਲਈ ਕਿਹਾ ਗਿਆ ਹੈ | ਗੌਰਤਲਬ ਹੈ ਕੇ ਰਸੋਈ ਦਾ ਸਾਮਾਨ ਖਰੀਦਣ ਦੇ ਲਈ ਮਿਡ-ਡੇ-ਮੀਲ ਕੁਕ ਤੇ ਮਿਡ-ਡੇ-ਮੀਲ ਇੰਚਾਰਜ ਨੂੰ ਨਾਲ ਲੈ ਕੇ ਜੋ ਵੀ ਕੋਈ ਸਾਮਾਨ ਖਰੀਦਣਾ ਹੈ ਅਤੇ ਜਿਸ ਦੀ ਜ਼ਰੂਰਤ ਹੈ ਉਹ ਇਕ ਦੋ ਦਿਨ 'ਚ ਖਰੀਦਣਾ ਬਹੁਤ ਹੀ ਮੁਸ਼ਕਿਲ ਹੈ, ਇਸ ਲਈ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਾਂਡਿਆਂ ਦੀ ਗਰਾਂਟ ਖਰਚਣ ਦਾ ਸਮਾਂ ਸੀਮਾ ਵਧਾਇਆ ਜਾਵੇ ਤੇ ਇਸ ਦਾ ਸਮਾਂ ਸੀਮਾ ਘੱਟੋ-ਘੱਟ 15 ਜੁਲਾਈ ਤੱਕ ਕੀਤਾ ਜਾਵੇ |