ਨੂਰਪੁਰ ਬੇਦੀ, 20 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਬਲਾਕ ਦੇ 75 ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੇਣ ਦੀ ਯੋਜਨਾ ਦਾ ਸੁਪਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਸਖ਼ਤ ਮਿਹਨਤ ਸਦਕਾ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ | ਇਸ ਸੰਬੰਧੀ ਹੁਣ ਉਕਤ ਕੰਪਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਜ਼ਮੀਨੀ ਪੱਧਰ 'ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਵਲੋਂ ਪਿੰਡ-ਪਿੰਡ ਜਾ ਕੇ ਗੂਗਲ ਮੈਪ ਦੀ ਮਦਦ ਨਾਲ ਸਰਵੇ ਕੀਤਾ ਜਾ ਰਿਹਾ ਹੈ ਕਿ ਕਿਸ ਪਿੰਡ ਨੂੰ ਸਿੰਚਾਈ ਲਈ ਕਿਹੜੇ ਢੰਗ ਨਾਲ ਪਾਣੀ ਪਹੁੰਚਾਇਆ ਜਾ ਸਕਦਾ ਹੈ | ਭਾਵੇਂ ਕਿ ਇਹ ਪਾਣੀ ਭਾਖੜਾ ਨੰਗਲ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ, ਪਾਈਪ ਲਾਈਨ ਵਿਸ਼ਾ ਕੇ ਜਾਂ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਲੋਕਾਂ ਨੂੰ ਸਿੰਚਾਈ ਲਈ ਪ੍ਰਦਾਨ ਕੀਤਾ ਜਾਵੇ | ਇਸ ਸੰਬੰਧੀ ਇਹ ਸਰਵੇ ਮੁਕੰਮਲ ਹੋਣ ਤੋਂ ਬਾਅਦ ਸਿੱਟੇ ਕੱਢੇ ਜਾਣਗੇ ਕਿ ਆਖਿਰ ਲੋਕਾਂ ਨੂੰ ਇਨ੍ਹਾਂ 'ਚੋਂ ਕਿਸ ਤਰੀਕੇ ਨਾਲ ਸਿੰਚਾਈ ਲਈ ਪਾਣੀ ਪਹੁੰਚਾਇਆ ਜਾ ਸਕਦਾ ਹੈ | ਕੰਪਨੀ ਵਲੋਂ ਅਗਲੇ ਦੋ ਮਹੀਨਿਆਂ ਦੇ ਅੰਦਰ ਅੰਦਰ ਇਹ ਸਰਵੇ ਪੂਰਾ ਕਰਕੇ ਇਸ ਦੀ ਮੁਕੰਮਲ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਸਿੰਚਾਈ ਲਈ ਪਾਣੀ ਦੇਣ ਦੀ ਯੋਜਨਾ ਦੇ ਅਗਲੇ ਪੜਾਅ ਨੂੰ ਅੰਜਾਮ ਦਿੱਤਾ ਜਾਵੇਗਾ |