ਪੁਰਖਾਲੀ, 21 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੁਰਖਾਲੀ ਪੁਲਿਸ ਵਲੋਂ ਇਕ ਨੌਜਵਾਨ ਨੂੰ 111 ਗ੍ਰਾਮ ਨਸ਼ੀਲੇ ਪਦਾਰਥ (ਚਰਸ) ਨਾਲ ਕਾਬੂ ਕੀਤਾ ਹੈ | ਇਸ ਸੰਬੰਧੀ ਚੌਕੀ ਇੰਚਾਰਜ ਸੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਦੀ ਨਿਗਰਨੀ ਲਈ ਕਾਲੂਵਾਲ ਭੋਲੋ ਤੋਂ ਪੁਰਖਾਲੀ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ, ਤਾਂ ਪੁਲਿਸ ਪਾਰਟੀ ਨੇ ਕਾਲੂਵਾਲ ਭੋਲੋ ਟੀ ਪੁਆਇੰਟ ਨੇੜੇ ਇਕ ਮੋਨੇ ਨੌਜਵਾਨ ਨੂੰ ਆਉਂਦੇ ਦੇਖਿਆ ਤਾ ਇਸ ਨੌਜਵਾਨ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਆਪਣੀ ਲੋਅਰ ਦੀ ਸੱਜੀ ਜੇਬ ਵਿਚੋਂ ਇਕ ਲਿਫ਼ਾਫ਼ਾ ਸੜਕ ਕਿਨਾਰੇ ਝਾੜੀਆਂ 'ਚ ਸੁੱਟ ਦਿੱਤਾ ਤਾਂ ਪੁਲਿਸ ਨੇ ਇਸ ਨੌਜਵਾਨ ਨੂੰ ਰੋਕ ਕੇ ਉਸ ਦਾ ਨਾਂਅ ਤੇ ਪਤਾ ਪੁੱਛਿਆ ਅਤੇ ਲਿਫਾਫੇ ਦੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਇਸ ਲਿਫਾਫੇ ਵਿਚੋਂ 111 ਗ੍ਰਾਮ ਨਸ਼ੀਲਾ ਪਦਾਰਥ (ਚਰਸ) ਬਰਾਮਦ ਕੀਤਾ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਸ਼ਿਵ ਗੌਰਵ ਵਾਸੀ ਮਕਾਨ ਨੰ. 1508 ਵਾਰਡ ਨੰ. 9 ਰੂਪਨਗਰ ਵਜੋਂ ਹੋਈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਏ. ਐਸ. ਆਈ. ਕਸ਼ਮੀਰ ਸਿੰਘ, ਏ. ਐਸ. ਆਈ. ਜਰਨੈਲ ਸਿੰਘ, ਲਖਵਿੰਦਰ ਸਿੰਘ ਤੇ ਸੰਜੀਵ ਕੁਮਾਰ ਹਾਜ਼ਰ ਸਨ |