ਨੂਰਪੁਰ ਬੇਦੀ, 21 ਜੂਨ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਅੱਧਾ ਦਰਜਨ ਪਿੰਡਾਂ 'ਚ ਸੀ. ਐੱਮ. ਯੋਗਸ਼ਾਲਾ ਤਹਿਤ ਮੁਫਤ ਕਲਾਸਾਂ ਲਗਾ ਕੇ ਯੋਗਾ ਪ੍ਰਤੀ ਜਾਗਰੂਕ ਕਰ ਰਹੇ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਯੋਗ ਸਿੱਖਿਅਕ ਰਮੇਸ਼ ਕੁਮਾਰ ਨੂੰ ਨੂਰਪੁਰ ਬੇਦੀ, ਲਸਾੜੀ ਤੇ ਸੈਣੀਮਾਜਰਾ ਦੀਆਂ ਪੰਚਾਇਤਾਂ ਵਲੋਂ ਯੋਗ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ | ਇਥੇ ਦੱਸਦੀਏ ਕਿ ਯੋਗ ਸਿੱਖਿਅਕ ਰਮੇਸ਼ ਕੁਮਾਰ ਵਲੋਂ ਕਰੀਬ ਇਕ ਸਾਲ ਤੋਂ ਅੱਧਾ ਦਰਜਨ ਪਿੰਡਾਂ 'ਚ ਸੀ. ਐੱਮ. ਯੋਗਸ਼ਾਲਾ ਤਹਿਤ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਇਸ ਦੌਰਾਨ ਸਮਾਗਮ 'ਚ ਪਹੁੰਚੀ ਨੂਰਪੁਰ ਬੇਦੀ ਦੀ ਸਰਪੰਚ ਨਿਰਮਲਾ ਦੇਵੀ, ਉਨ੍ਹਾਂ ਦੇ ਪਤੀ ਜਰਨੈਲ ਸਿੰਘ ਲਾਲੀ, ਸੈਣੀਮਾਜਰਾ ਦੇ ਸਰਪੰਚ ਰਾਮ ਸਰੂਪ ਸੈਣੀ ਤੇ ਲਸਾੜੀ ਪਿੰਡ ਤੋਂ ਹੇੇਮਰਾਜ ਸ਼ਰਮਾ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵੱਖ-ਵੱਖ 5 ਪਿੰਡਾਂ ਦੀ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਉਪਰੰਤ ਕਿਹਾ ਕਿ ਅੱਜ ਦੇ ਸਮੇਂ 'ਚ ਯੋਗ ਹਰ ਕਿਸੇ ਦੀ ਮੱੁਢਲੀ ਜ਼ਰੂਰਤ ਬਣ ਚੁੱਕਾ ਹੈ | ਇਸ ਮਹਿੰਗਾਈ ਦੇ ਯੁੱਗ 'ਚ ਜਦੋਂ ਹਰ ਕੋਈ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਤਾਂ ਯੋਗ ਹੀ ਅਜਿਹਾ ਇਕਮਾਤਰ ਸਸਤਾ ਸਾਧਨ ਹੈ ਜੋ ਮਨੁੱਖ ਨੂੰ ਤੰਦਰੁਸਤ ਬਣਾਏ ਰੱਖਣ 'ਚ ਸਹਾਇਕ ਸਾਬਿਤ ਹੁੰਦਾ ਹੈ | ਉਕਤ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਯੋਗ ਸਿੱਖਿਅਕ ਰਮੇਸ਼ ਕੁਮਾਰ ਵਲੋਂ ਇਲਾਕੇ ਦੇ 5 ਪਿੰਡਾਂ ਦੇ ਲੋਕਾਂ ਨੂੰ ਯੋਗਾ ਨਾਲ ਜੋੜ੍ਹ ਕੇ ਰੱਖਣ ਦੇ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਨਿਰਮਲਾ ਦੇਵੀ, ਸਰਪੰਚ ਰਾਮ ਸਰੂਪ ਸੈਣੀਮਾਜਰਾ ਤੇ ਲਸਾੜੀ ਤੋਂ ਹੇਮਰਾਜ ਸ਼ਰਮਾ ਜਰਨੈਲ ਸਿੰਘ ਲਾਲੀ, ਰਿੰਕੂ ਚੱਢਾ, ਸ਼ੁਸ਼ਮਾ ਜੋਸ਼ੀ, ਵੀਨਾ ਰਾਣੀ, ਮੋਹਣ ਲਾਲ, ਰਾਮਪਾਲ, ਸੱਤਿਆ ਦੇਵੀ, ਵਿਪਨ ਕੁਮਾਰ, ਹਰਪ੍ਰੀਤ ਕੌਰ, ਅਭਿਜੋਤ, ਸੰਤੋਸ਼ ਸ਼ਾਹ, ਜਸਵੰਤ ਕੌਰ, ਵੀਨਾ ਰਾਣੀ ਆਦਿ ਹਾਜ਼ਰ ਸਨ |