14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਮੀਂਹ ਨਾਲ ਰੂਪਨਗਰ ਸ਼ਹਿਰ ਦੇ ਨੀਵੇਂ ਇਲਾਕਿਆਂ ਦੀ ਜ਼ਿੰਦਗੀ ਹੋਈ ਦੁੱਭਰ <br/>

ਅਜੀਤ ਡੈਸਕ 03-09-2025
ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਲਗਾਤਾਰ ਪੈ ਰਹੀ ਬਰਸਾਤ ਕਾਰਨ ਰੂਪਨਗਰ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਟੁੱਟੀਆਂ ਸੜਕਾਂ ਨਾਲ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ | ਕੁੱਝ ਕਲੋਨੀਆਂ ਵਿਚ ਨਿਕਾਸੀ ਦੀ ਸੁਵਿਧਾ ਨਾ ਹੋਣ ਕਾਰਨ ਘਰਾਂ ਅੱਗੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸਨੂੰ ਲੋਕ ਪੰਪਾਂ ਦੀ ਮਦਦ ਨਾਲ ਬਾਹਰ ਕੱਢਣ ਲਈ ਮਜਬੂਰ ਹਨ | ਗਊਸ਼ਾਲਾ, ਨੇੜਲੇ ਗੁਰਦੁਆਰਾ ਸਾਹਿਬ, ਸ਼ਨੀ ਮੰਦਰ, ਗ੍ਰੰਥੀ ਬਾਗ, ਸਮਾਰਟ ਸਿਨੇਮਾ ਖੇਤਰ, ਨੇੜਲੀਆਂ ਗਾਰਡਨ ਅਤੇ ਨਿਊ ਗਾਰਡਨ ਕਲੋਨੀਆਂ ਸਮੇਤ ਬੜੀ ਹਵੇਲੀ ਦੇ ਹੇਠਲੇ ਇਲਾਕੇ ਬਰਸਾਤੀ ਪਾਣੀ ਨਾਲ ਹੀ ਨਹੀਂ ਸਗੋਂ ਸੀਵਰੇਜ ਓਵਰਫਲੋ ਕਾਰਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਇਹ ਸਮੱਸਿਆ ਹੁਣ ਲੋਕਾਂ ਲਈ ਨਰਕ ਸਮਾਨ ਬਣ ਚੁੱਕੀ ਹੈ |
ਖ਼ਾਲੀ ਪਲਾਟ ਬਣੇ ਮੁੱਖ ਸਮੱਸਿਆ:
ਵੱਖ-ਵੱਖ ਕਲੋਨੀਆਂ ਦੇ ਨਿਵਾਸੀਆਂ ਨੇ ਕਿਹਾ ਕਿ ਖ਼ਾਲੀ ਪਲਾਟਾਂ ਵਿਚ ਖੜ੍ਹਦਾ ਪਾਣੀ ਸਭ ਤੋਂ ਵੱਡੀ ਮੁਸੀਬਤ ਹੈ | ਵਾਰਡ ਨੰਬਰ 2 ਦੀ ਅਮਰ ਕਲੋਨੀ ਅਤੇ ਵਾਰਡ ਨੰਬਰ 3 ਦੇ ਵੱਡੇ ਪਲਾਟਾਂ ਵਿਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਹੈ, ਪਰ ਮਾਲਕ ਕੋਈ ਹੱਲ ਨਹੀਂ ਕਰਦੇ | ਇਸੇ ਤਰ੍ਹਾਂ ਵਾਰਡ ਨੰਬਰ 5,6,7,13, 14, 15, 16, 17, 18 ਵਿਚ ਖਾਲੀ ਪਲਾਟਾਂ ਅਤੇ ਉੱਗੇ ਘਾਹ-ਫੂਸ ਕਾਰਨ ਲੋਕ ਪਰੇਸ਼ਾਨ ਹਨ ਅਤੇ ਰੋਜ਼ਾਨਾ ਜ਼ਿੰਦਗੀ ਕਠਿਨ ਹੋ ਗਈ ਹੈ | ਨਿਕਾਸੀ ਨਾ ਹੋਣ ਕਾਰਨ ਵਾਰਡ ਨੰਬਰ 7 ਦੀ ਸ਼ਨੀ ਮੰਦਰ ਵਾਲੀ ਗਲੀ, ਕਾਹਲੋ ਡੇਅਰੀ ਵਾਲੀ ਗਲੀ, ਵਾਰਡ 14 ਦੀ ਲਖਵਿੰਦਰਾ ਐਨਕਲੇਵ, ਗਾਰਡਨ ਅਤੇ ਨਿਊ ਗਾਰਡਨ ਕਲੋਨੀਆਂ ਸਮੇਤ ਬੜੀ ਹਵੇਲੀ ਦਾ ਹੇਠਲਾ ਖੇਤਰ ਬਹੁਤ ਬੁਰੇ ਹਾਲ ਵਿਚ ਹਨ | ਹਵੇਲੀ ਕਲਾਂ ਦੇ ਹੇਠਲੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ | ਵੱਡੇ-ਵੱਡੇ ਨੇਤਾ ਵੀ ਸਿਰਫ਼ ਦੌਰੇ ਕਰਕੇ ਹੱਥ ਖੜੇ ਕਰ ਚੁੱਕੇ ਹਨ ਅਤੇ ਫੰਡਾਂ ਦੀ ਘਾਟ ਕਾਰਨ ਸੀਵਰੇਜ ਸਿਸਟਮ ਸੁਧਾਰਿਆ ਨਹੀਂ ਜਾ ਰਿਹਾ | ਵਾਰਡ ਨੰਬਰ 15 ਦੀ ਰਣਜੀਤ ਐਵਨਿਊ ਕਲੋਨੀ ਨੇੜਲੇ ਨਾਲੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਤੋਂ ਬਹੁਤ ਪ੍ਰਭਾਵਿਤ ਹੈ | ਇਹ ਨਾਲਾ ਪਿੱਛੋਂ ਭਰ ਕੇ ਆਉਂਦਾ ਹੈ, ਪਰ ਕਮੀਉਨਿਟੀ ਸੈਂਟਰ ਤੋਂ ਅੱਗੇ ਬੰਦ ਹੋਣ ਕਰਕੇ ਇੱਥੇ ਓਵਰਫਲੋ ਹੋ ਜਾਂਦਾ ਹੈ ਅਤੇ ਰਣਜੀਤ ਐਵਨਿਊ ਕਲੋਨੀ ਵਿਚ ਪਾਣੀ ਭਰ ਜਾਂਦਾ ਹੈ | ਦਸ਼ਮੇਸ਼ ਨਗਰ ਦੀ ਨੇੜਲੀ ਗਲੀ ਤਾਂ ਨਾਲੇ ਦਾ ਰੂਪ ਧਾਰ ਲੈਂਦੀ ਹੈ | ਹੇਠਲੀਆਂ 10 ਕਲੋਨੀਆਂ ਦੇ ਮੋਹਤਵਰ ਆਗੂ ਅਤੇ ਸੰਸਥਾਵਾਂ ਦੇ ਨੁਮਾਇੰਦੇ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਨਿਕਾਸੀ ਲਈ ਗੁਹਾਰਾਂ ਲਾ ਚੁੱਕੇ ਹਨ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ | ਹੁਣ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਵੀ ਵੱਡੀ ਮੁਸੀਬਤ ਬਣ ਗਈਆਂ ਹਨ | ਖੱਡਿਆਂ ਵਿਚ ਖੜ੍ਹੇ ਪਾਣੀ ਨਾਲ ਰਾਹਗੀਰਾਂ ਨੂੰ ਆਵਾਜਾਈ ਵਿਚ ਬੇਹੱਦ ਪਰੇਸ਼ਾਨੀ ਆ ਰਹੀ ਹੈ | ਕਾਰਾਂ ਅਤੇ ਸਕੂਟਰਾਂ ਦੀਆਂ ਪਚਕਾਰੀਆਂ ਨਾਲ ਦੁਕਾਨਦਾਰ ਤੰਗ ਆ ਚੁੱਕੇ ਹਨ, ਜਦਕਿ ਸੜਕਾਂ 'ਤੇ ਖੱਡੇ ਹੋਰ ਵੀ ਵੱਡੇ ਹੋ ਗਏ ਹਨ | ਕਾਲਜ ਰੋਡ ਤੋਂ ਹਵੇਲੀ ਕਲਾਂ ਵੱਲ ਜਾਂਦਾ ਮਾਰਗ ਟੁੱਟਿਆ ਪਿਆ ਹੈ ਅਤੇ ਸਤਲੁਜ ਦਰਿਆ ਉੱਤੇ ਬਣੇ ਹੈਡਵਰਕ ਪੁੱਲ ਦੀ ਸੜਕ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਬਰਸਾਤੀ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ, ਤਾਂ ਜੋ ਉਹਨਾਂ ਨੂੰ ਹਰ ਸਾਲ ਵਾਪਰਦੀ ਇਸ ਤ੍ਰਾਸਦੀ ਤੋਂ ਛੁਟਕਾਰਾ ਮਿਲ ਸਕੇ |

ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 2 ਲੱਖ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਭੇਟ ਅਗਲੀ ਖ਼ਬਰ ਰੂਪਨਗਰ ਪੁਲਿਸ ਨੇ ਅਣਪਛਾਤੀ ਅÏਰਤ ਦੇ ਕਤਲ ਦਾ ਮੁਲਜ਼ਮ ਕੀਤਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।