ਸ੍ਰੀ ਚਮਕੌਰ ਸਾਹਿਬ, 15 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਚ ਡਾ.ਕਮਲ ਬੈਂਸ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸੀ. ਪੀ. ਆਰ. ਹਫ਼ਤਾ ਮਨਾਇਆ ਗਿਆ | ਇਸ ਮੌਕੇ ਡਾ.ਸੰਜੀਵ ਐਨਸਥੀਸੀਆ ਸਪੈਸ਼ਲਿਸਟ ਵਲੋਂ ਹਸਪਤਾਲ ਦੇ ਹੈਲਥ ਕੇਅਰ ਵਰਕਰਾਂ ਅਤੇ ਸਟਾਫ਼ ਮੈਂਬਰਾਂ ਨੂੰ ਸੀ. ਪੀ. ਆਰ. ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਕਿ ਸੀ. ਪੀ. ਆਰ. ਇਕ ਅਹਿਮ ਤਰੀਕਾ ਹੈ ਜੋ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਜਾਂ ਸਾਹ ਰੁਕਣ ਦੀ ਸਥਿਤੀ ਵਿਚ ਉਸਦੀ ਜਾਨ ਬਚਾਉਣ ਵਿਚ ਮਦਦ ਕਰਦਾ ਹੈ | ਡਾ. ਸੰਜੀਵ ਨੇ ਪੈ੍ਰਕਟੀਕਲ ਤਰੀਕੇ ਨਾਲ ਸਟਾਫ਼ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਛਾਤੀ 'ਤੇ ਪ੍ਰੈਸ਼ਰ ਦੇਣਾ ਹੈ, ਮੂੰਹ ਰਾਹੀਂ ਸਾਹ ਦੇਣੀ ਹੈ ਤੇ ਐਮਰਜੈਂਸੀ ਸਥਿਤੀ ਵਿਚ ਕਿਸ ਤਰ੍ਹਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਹਰ ਹੈਲਥ ਵਰਕਰ ਲਈ ਇਹ ਤਕਨੀਕ ਜਾਣਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮਰੀਜ਼ ਦੀ ਜਾਨ ਬਚਾਉਣ ਦਾ ਪਹਿਲਾ ਕਦਮ ਹੁੰਦਾ ਹੈ | ਇਸ ਮੌਕੇ ਡਾ. ਕਮਲ ਬੈਂਸ ਇਸਤਰੀ ਰੋਗਾਂ ਦੇ ਮਾਹਿਰ ਨੇ ਵੀ ਸਟਾਫ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀ.ਪੀ.ਆਰ. ਦੀ ਤਕਨੀਕ ਸਿਰਫ਼ ਡਾਕਟਰਾਂ ਲਈ ਹੀ ਨਹੀਂ, ਸਗੋਂ ਆਮ ਲੋਕਾਂ ਲਈ ਵੀ ਜਾਣਨੀ ਜ਼ਰੂਰੀ ਹੈ, ਤਾਂ ਜੋ ਕਿਸੇ ਐਮਰਜੈਂਸੀ ਵਿਚ ਤੁਰੰਤ ਸਹੀ ਮਦਦ ਕੀਤੀ ਜਾ ਸਕੇ | ਇਸ ਮੌਕੇ ਡਾ.ਸੁਮਿਤਾ ਸ਼ਰਮਾਂ, ਡਾ.ਨਿਤਿਸ਼, ਡਾ:ਨੀਰੂ, ਫਾਰਮੇਸੀ ਅਫ਼ਸਰ ਅਵਤਾਰ ਸਿੰਘ ਘੁੰਮਣ, ਚਰਨਜੀਤ ਕੌਰ ਨਰਸਿੰਗ ਸਿਸਟਰ, ਕੰਵਲਜੀਤ ਕੌਰ ਨਰਸਿੰਗ ਸਿਸਟਰ, ਨਾਗਰ ਸਿੰਘ ਸੁਪਰਵਾਈਜਰ, ਸੁਰਿੰਦਰਪਾਲ ਸਿੰਘ ਸਟੈਨੋ, ਪਰਮਜੀਤ ਸਿੰਘ ਕਮਾਲਪੁਰ ਤੇ ਹਸਪਤਾਲ ਦੇ ਸਾਰੇ ਵਿਭਾਗਾਂ ਤੋਂ ਸਟਾਫ਼ ਮੈਂਬਰਾਂ ਨੇ ਭਾਗ ਲਿਆ ਤੇ ਪੈ੍ਰਕਟੀਕਲ ਤਰੀਕੇ ਨਾਲ ਸੀ.ਪੀ.ਆਰ.ਸਬੰਧੀ ਜਾਣਕਾਰੀ ਹਾਸਲ ਕੀਤੀ |