ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਾਬਾ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਡੂਮੇਵਾਲ ਵਿਖੇ ਸਥਿਤ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਆਯੋਜਿਤ ਸਲਾਨਾ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਧਾਰਮਿਕ ਰਸਮਾਂ ਵਿਚ ਭਾਗ ਲਿਆ ਤੇ ਮੰਦਰ ਪ੍ਰਾਂਗਣ ਵਿਚ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ | ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਏ ਜਿਨ੍ਹਾਂ ਨੇ ਬਾਬਾ ਵਿਸ਼ਵਕਰਮਾ ਜੀ ਦੀ ਅਰਾਧਨਾ ਕਰਕੇ ਆਪਣੀ ਕਾਇਲਤਾ ਪ੍ਰਗਟਾਈ | ਵਿਧਾਇਕ ਦਿਨੇਸ਼ ਚੱਢਾ ਨੇ ਇਸ ਮੌਕੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਸਿਰਜਣਾ, ਕਲਾ ਅਤੇ ਮਿਹਨਤ ਦੇ ਪ੍ਰਤੀਕ ਹਨ | ਉਨ੍ਹਾਂ ਦੇ ਆਦਰਸ਼ ਸਾਨੂੰ ਇਹ ਸਿਖਾਉਂਦੇ ਹਨ ਕਿ ਮਿਹਨਤ ਅਤੇ ਨੈਤਿਕਤਾ ਦੇ ਰਸਤੇ 'ਤੇ ਤੁਰ ਕੇ ਹੀ ਜੀਵਨ ਵਿਚ ਅਸਲ ਤਰੱਕੀ ਹਾਸਲ ਕੀਤੀ ਜਾ ਸਕਦੀ ਹੈ | ਮੰਦਰ ਕਮੇਟੀ ਵਲੋਂ ਪੇਸ਼ ਕੀਤੀ ਮੰਗ ਨੂੰ ਸਵੀਕਾਰਦੇ ਹੋਏ ਵਿਧਾਇਕ ਚੱਢਾ ਨੇ ਮੰਦਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪਿੰਡ ਪੰਚਾਇਤ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਸਮਾਗਮ ਦੇ ਅੰਤ ਵਿਚ ਮੰਦਰ ਕਮੇਟੀ ਮੈਂਬਰਾਂ ਵਲੋਂ ਵਿਧਾਇਕ ਦਿਨੇਸ਼ ਚੱਢਾ ਦਾ ਸਨਮਾਨ ਕੀਤਾ ਗਿਆ | ਕਮੇਟੀ ਵਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਵਿਧਾਇਕ ਚੱਢਾ ਹਮੇਸ਼ਾ ਧਾਰਮਿਕ ਸਥਾਨਾਂ ਦੇ ਵਿਕਾਸ ਤੇ ਸਮਾਜਕ ਏਕਤਾ ਲਈ ਪਹਿਲ ਕਰਦੇ ਰਹੇ ਹਨ | ਇਸ ਮੌਕੇ ਸਮੂਹ ਕਮੇਟੀ ਮੈਂਬਰ, ਸਰਪੰਚ ਪਰਮਿੰਦਰ ਸਿੰਘ, ਗੱਗੀ ਸਰਪੰਚ ਰਾਏਪੁਰ, ਗੋਲਡੀ ਸਰਪੰਚ ਕਲਮਾ, ਬਚਿੱਤਰ ਸਿੰਘ ਕਲਮਾ, ਮਾਸਟਰ ਬਿਹਾਰੀ ਲਾਲ, ਬਲਜਿੰਦਰ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |