ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦਾਅਵਾ ਕੀਤਾ ਹੈ, ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਤਜਾਕਿਸਤਾਨ 'ਚ ਫਸੇ ਰੂਪਨਗਰ ਜ਼ਿਲ੍ਹੇ ਦੇ ਸੱਤ ਨੌਜਵਾਨ ਹੁਣ 27 ਅਕਤੂਬਰ ਨੂੰ ਸੁਰੱਖਿਅਤ ਤੌਰ 'ਤੇ ਭਾਰਤ ਵਾਪਸ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੈਸਾਂ ਦੇ ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਗੁਰਪ੍ਰੀਤ ਸਿੰਘ, ਰਾਏਪੁਰ ਦੇ ਅਮਰਜੀਤ ਸਿੰਘ, ਢੇਰ ਦੇ ਅਵਤਾਰ ਸਿੰਘ, ਮੋੜਾ ਦੇ ਰਵੀੰਦਰ ਸਿੰਘ ਅਤੇ ਘਨੌਲੀ ਦੇ ਮਨਜੀਤ ਸਿੰਘ ਰੋਜ਼ਗਾਰ ਦੀ ਖ਼ਾਤਰ ਏਜੰਟਾਂ ਰਾਹੀਂ ਤਜਾਕਿਸਤਾਨ ਗਏ ਸਨ, ਪਰ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਡਰਾਈਵਿੰਗ ਦੀ ਥਾਂ ਮਜ਼ਦੂਰੀ ਦਾ ਕੰਮ ਕਰਨਾ ਪਿਆ | ਹਾਲਾਤ ਇਤਨੇ ਖ਼ਰਾਬ ਹੋ ਗਏ ਕਿ ਉਹ ਖਾਣ ਲਈ ਵੀ ਮਜਬੂਰ ਹੋ ਗਏ ਅਤੇ ਪਰਿਵਾਰਾਂ ਨਾਲ ਸੰਪਰਕ ਟੁੱਟ ਗਿਆ, ਜਦ ਹਾਲਾਤ ਬੇਕਾਬੂ ਹੋਏ ਤਾਂ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ | ਉਨ੍ਹਾਂ (ਲਾਲਪੁਰਾ) ਨੇ ਤੁਰੰਤ ਮਾਮਲਾ ਉੱਪਰਲੇ ਅਧਿਕਾਰੀਆਂ ਤੱਕ ਪਹੁੰਚਾਇਆ ਤੇ ਨੌਜਵਾਨਾਂ ਦੀ ਵਾਪਸੀ ਯਕੀਨੀ ਬਣਾਈ | ਲਾਲਪੁਰਾ ਨੇ ਕਿਹਾ ਕਿ, ਜਦ ਮੈਂ ਹਰਵਿੰਦਰ ਸਿੰਘ ਦੀ ਗੱਲ ਸੁਣੀ, ਮੇਰਾ ਦਿਲ ਭਰ ਆਇਆ, ਜਿਨ੍ਹਾਂ ਪਰਿਵਾਰਾਂ ਦੇ ਪੁੱਤਰ ਵਿਦੇਸ਼ਾਂ ਵਿਚ ਫਸੇ ਹੋਣ, ਉਨ੍ਹਾਂ ਦਾ ਦਰਦ ਸ਼ਬਦਾਂ ਵਿਚ ਨਹੀਂ ਬਿਆਨ ਕੀਤਾ ਜਾ ਸਕਦਾ ਅਤੇ ਮੈਂ ਤੁਰੰਤ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਇਨ੍ਹਾਂ ਸਾਰਿਆਂ ਦੀ ਘਰ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ | ਇਸ ਲਈ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਹੈ | ਇਸ ਮੌਕੇ ਲਾਲਪੁਰਾ ਨੇ ਇੱਕ ਗੰਭੀਰ ਸਵਾਲ ਵੀ ਚੁੱਕਿਆ ਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਮਜਬੂਰ ਕਿਉਂ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਰੂਪਨਗਰ ਜਿਹੜਾ ਬਿਜਲੀ ਪੈਦਾ ਕਰਦਾ ਹੈ ਅਤੇ ਸੰਸਾਧਨਾਂ ਨਾਲ ਭਰਪੂਰ ਜ਼ਿਲ੍ਹਾ ਹੈ, ਉੱਥੇ ਦੇ ਨੌਜਵਾਨਾਂ ਨੂੰ ਰੋਜ਼ੀ-ਰੋਟੀ ਲਈ ਪਰਦੇਸ ਜਾਣਾ ਪੈਂਦਾ ਹੈ, ਇਹ ਪੰਜਾਬ ਸਰਕਾਰ ਦੀ ਨੀਤੀਗਤ ਅਸਫਲਤਾ ਹੈ | ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਏਜੰਟਾਂ ਦੇ ਜਾਲ ਫੈਲ ਚੁੱਕੇ ਹਨ |