ਨੂਰਪੁਰ ਬੇਦੀ, 22 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਬਲਾਕ ਦੇ 75 ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਕਰਵਾਉਣ ਸਬੰਧੀ ਬਣਾਈ ਗਈ ਅਹਿਮ ਯੋਜਨਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ | ਇਸ ਪ੍ਰੋਜੈਕਟ ਲਈ ਨਿਯੁਕਤ ਕੀਤੀ ਗਈ ਇਨਪਰਾ ਕੰਪਨੀ ਵਲੋਂ ਜਮੀਨੀ ਫਿਜ਼ੀਬਿਲਿਟੀ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ 31 ਅਕਤੂਬਰ ਤੱਕ ਇਹ ਰਿਪੋਰਟ ਸਿੰਚਾਈ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਵਿਭਾਗ ਦੇ ਐਕਸੀਐਨ ਦਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਦੀ ਖੇਤੀ ਲਈ ਨਹਿਰੀ ਪਾਣੀ ਦਾ ਸਦੀਆਂ ਪੁਰਾਣਾ ਸੁਪਨਾ ਜੋ ਕਿ ਹੁਣ ਪੂਰਾ ਹੋਣ ਦੀ ਕਗਾਰ ਵੱਲ ਵਧ ਰਿਹਾ ਹੈ ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲਗਾਤਾਰ ਇਸ ਮਸਲੇ ਦੀ ਪੈਰਵਾਈ ਕੀਤੀ ਗਈ | ਉਨ੍ਹਾਂ ਦੀ ਵਿਅਕਤੀਗਤ ਰੁਚੀ ਅਤੇ ਤਕਨੀਕੀ ਸਮਝ ਕਾਰਨ ਇਹ ਯੋਜਨਾ ਹੁਣ ਪ੍ਰਗਤੀਸ਼ੀਲ ਪੜਾਅ ਵਿਚ ਦਾਖਲ ਹੋ ਚੁੱਕੀ ਹੈ | ਉਨ੍ਹਾਂ ਨੇ ਦੱਸਿਆ ਕਿ ਸਰਵੇ ਦੌਰਾਨ ਕੰਪਨੀ ਵਲੋਂ ਪਾਣੀ ਦੇ ਸਰੋਤ, ਨਹਿਰਾਂ ਦੇ ਰੂਟ, ਉਚਾਈ-ਨੀਚਾਈ ਦੇ ਤਕਨੀਕੀ ਡੇਟਾ, ਮਿੱਟੀ ਦੀ ਪ੍ਰਕਿਰਤੀ ਤੇ ਪਾਣੀ ਦੀ ਲੋੜ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ | ਇਨਪਰਾ ਕੰਪਨੀ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਡਰੋਨ ਮੈਪਿੰਗ, ਜੀ.ਪੀ.ਐੱਸ. ਬੇਸਡ ਟਰੈਕਿੰਗ ਅਤੇ ਹਾਈਡਰੋਲੋਜੀਕਲ ਟੈਸਟਿੰਗ ਜਿਹੇ ਮਾਪਦੰਡਾਂ 'ਤੇ ਆਪਣਾ ਸਰਵੇ ਪੂਰਾ ਕੀਤਾ ਹੈ | ਐਕਸੀਐਨ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਸ ਪ੍ਰੋਜੈਕਟ ਲਈ 36.5 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਅਧੀਨ ਕੰਪਨੀ ਨੇ ਬੇਹਤਰੀਨ ਤਰੀਕੇ ਨਾਲ ਆਪਣਾ ਕੰਮ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਸਰਵੇ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ, ਤਦ ਪ੍ਰੋਜੈਕਟ ਦੇ ਦੂਜੇ ਪੜਾਅ ਵਿਚ ਡਿਜ਼ਾਈਨ ਅਪ੍ਰੂਵਲ, ਬਜਟ ਐਲੋਕੇਸ਼ਨ ਤੇ ਕੰਸਟਰਕਸ਼ਨ ਵਰਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ | ਜਲਦੀ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਨਾਲ ਖੇਤਰ ਦੀ ਖੇਤੀ 'ਚ ਨਵੀਂ ਕ੍ਰਾਂਤੀ ਆਉਣ ਦੀ ਉਮੀਦ ਹੈ |