ਪੁਰਖਾਲੀ, 22 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਦੀਵਾਲੀ ਨੂੰ ਮੁੱਖ ਰੱਖਦਿਆਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਆਤਿਸ਼ਬਾਜ਼ੀ, ਬੰਬ, ਪਟਾਕੇ ਬਾਜ਼ਾਰਾਂ ਚ ਨਾ ਵੇਚਣ ਅਤੇ ਨਾ ਖਰੀਦਣ ਅਤੇ ਦੇ ਹੁਕਮ ਜਾਰੀ ਕੀਤੇ ਸਨ | ਪ੍ਰਸ਼ਾਸਨ ਵਲੋਂ ਆਤਿਸ਼ਬਾਜ਼ੀ, ਬੰਬ, ਪਟਾਕੇ ਵੇਚਣ ਅਤੇ ਖਰੀਦਣ ਲਈ ਖੁੱਲੀਆਂ ਥਾਵਾਂ ਨੂੰ ਵਰਤੋਂ 'ਚ ਲਿਆਉਣ ਲਈ ਹੁਕਮ ਜਾਰੀ ਕੀਤੇ ਸਨ ਤਾਂ ਜੋ ਕਿਸੇ ਵੀ ਤਰਾਂ ਦੇ ਹਾਦਸਿਆਂ ਤੋਂ ਬਚਾਅ ਹੋ ਸਕੇ, ਪਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਦੇ ਬਾਵਜੂਦ ਪੁਰਖਾਲੀ, ਮੀਆਂਪੁਰ ਅਤੇ ਅਕਬਰਪੁਰ ਵਿਖ਼ੇ ਸੰਘਣੀਆਂ ਥਾਵਾਂ ਵਾਲੇ ਬਜਾਰਾਂ ਅਤੇ ਮਾਰਕੀਟਾਂ 'ਚ ਖੁੱਲੇਆਮ ਆਤਿਸ਼ਬਾਜੀ ਵੇਚੀ ਗਈ ਅਤੇ ਆਮ ਲੋਕਾਂ ਦੀ ਜਾਨ ਨੂੰ ਜੋਖਮ 'ਚ ਪਾਇਆ ਗਿਆ | ਇਸ ਮੌਕੇ ਵੱਖ-ਵੱਖ ਸਮਾਨ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੇ ਦੱਸਿਆ ਕਿ ਆਤਿਸ਼ਬਾਜੀ ਦੀਆਂ ਦੁਕਾਨਾਂ ਲਈ ਕੋਈ ਵੱਖਰੀ ਜਗ੍ਹਾ ਚਾਹੀਦੀ ਹੈ ਜਿੱਥੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਖਤਰਾ ਨਾ ਹੋਵੇ, ਪਰ ਇਸ ਇਲਾਕੇ ਚ ਤਾਂ ਹੈ ਹੀ ਸਭ ਜਿੱਥੇ ਨਾ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਕੋਈ ਪੁੱਛਣ ਵਾਲਾ, ਨਾ ਮਿਲਾਵਟੀ ਮਠਿਆਈਆਂ ਵੇਚਣ ਵਾਲਿਆਂ ਨੂੰ ਕੋਈ ਪੁੱਛਣ ਵਾਲਾ ਨਾ ਸੰਘਣੀਆਂ ਥਾਵਾਂ ਤੇ ਆਤਿਸ਼ਬਾਜੀ ਦੀਆਂ ਦੁਕਾਨਾਂ ਕਰਨ ਵਾਲਿਆਂ ਨੂੰ ਕੋਈ ਪੁੱਛਣ ਵਾਲਾ | ਲੋਕਾਂ ਨੇ ਦੱਸਿਆ ਕਿ ਕਈ ਆਤਿਸ਼ਬਾਜੀ ਦੀਆਂ ਦੁਕਾਨਾਂ ਨਾਲ ਤਾਂ ਹਲਵਾਈਆਂ ਦੀਆਂ ਭੱਠੀਆਂ ਵੀ ਚੱਲ ਰਹੀਆਂ ਸਨ ਅਤੇ ਮੂੰਗਫਲੀ ਵੇਚਣ ਵਾਲੇ ਵੀ ਭੱਠੀਆਂ ਲਗਾਈ ਬੈਠੇ ਸਨ, ਪਰ ਕਿਸੇ ਨੂੰ ਵੀ ਕਿਸੇ ਜਾਨੀ ਨੁਕਸਾਨ ਦੀ ਕੋਈ ਪਰਵਾਹ ਨਹੀਂ ਸੀ | ਲੋਕਾਂ ਨੇ ਦੱਸਿਆ ਕਿ ਭਾਵੇਂ ਪੁਲਿਸ ਵਲੋਂ ਵੀ ਗੱਡੀਆਂ 'ਚ ਬਜਾਰਾਂ 'ਚ ਗੇੜੇ ਮਾਰੇ ਜਾ ਰਹੇ ਸਨ ਪਰ ਸ਼ਾਇਦ ਬਜਾਰਾਂ 'ਚ ਭੀੜ ਵੱਧ ਹੋਣ ਕਾਰਨ ਪੁਲਿਸ ਵਾਲਿਆਂ ਨੂੰ ਆਤਿਸ਼ਬਾਜੀ ਦੀਆਂ ਦੁਕਾਨਾਂ ਦਿਖਾਈ ਨਹੀਂ ਦਿੱਤੀਆਂ | ਇਸ ਮੌਕੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਹੁਕਮ ਬੱਸ ਅਖਬਾਰਾਂ ਤੱਕ ਸੀਮਿਤ ਰਹਿ ਜਾਂਦੇ ਹਨ, ਜਿਨ੍ਹਾਂ ਦੀ ਲੋਕਾਂ ਨੇ ਤਾਂ ਭਲਾ ਕੀ ਪਰਵਾਹ ਕਰਨੀ ਹੈ ਸਗੋਂ ਸਰਕਾਰੀ ਵਿਭਾਗ ਖੁਦ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਬਹੁਤੀ ਤਰਜੀਹ ਨਹੀਂ ਦਿੰਦੇ, ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ |