ਰੂਪਨਗਰ, 22 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬੀਆਂ ਬਾਰੇ ਕਹਾਵਤ ਹੈ ਕਿ ਉਹ ਜਿੱਧਰ ਨੂੰ ਹੋ ਤੁਰਦੇ ਹਨ ਫਿਰ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ | ਅਜਿਹਾ ਹੀ ਵਰਤਾਰਾ ਬੀਤੇ ਦਿਨ ਲੰਘੀਆਂ ਦੋ-ਦੋ ਦੀਵਾਲੀਆਂ ਮੌਕੇ ਮਿਲਿਆ | ਸਾਦਗੀ ਅਤੇ ਨਿਯਮਾਂ ਦੇ ਉਲਟ ਰਾਤੀ 2 ਵਜੇ ਤੱਕ ਚਲੇ ਉੱਚੀ ਗਰਜ਼ ਵਾਲੇ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਨੇ ਅਸਮਾਨ ਹਿਲਾ ਛੱਡਿਆ ਤੇ ਗਲੀ ਮੁਹੱਲੇ ਧੂੰਏਾ-ਗੁਬਾਰ ਨਾਲ ਭਰ ਗਏ | ਇੰਝ ਜਾਪਦਾ ਸੀ ਕਿ ਜਿਵੇਂ ਦੀਵਾਲੀ ਦਾ ਮਨੋਰਥ ਹੀ ਇਕ-ਦੂਜੇ ਤੋਂ ਵੱਧ ਪਟਾਕੇ ਚਲਾ ਕੇ ਸ਼ੋਰ ਪ੍ਰਦੂਸ਼ਣ ਕਰਨਾ ਹੈ, ਜਿਸ ਕਾਰਨ ਬਜ਼ੁਰਗ ਤੇ ਮਰੀਜ਼ ਸੂਲੀ 'ਤੇ ਟੰਗੇ ਰਹੇ ਤੇ ਉਨ੍ਹਾਂ ਨੂੰ ਸਿਹਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਥਾਂ-ਥਾਂ ਗ਼ੈਰ ਮਿਆਰੀ ਮਿਠਾਈਆਂ ਸਮੇਤ ਪਟਾਕਿਆਂ ਦੇ ਅਣ-ਅਧਿਕਾਰਤ ਸਟਾਲ ਹਰ 100 ਗਜ ਦੀ ਦੂਰੀ 'ਤੇ ਲੱਗੇ ਨਜ਼ਰ ਆਏ | ਮੁਨਾਫ਼ੇ ਦੀ ਹੋੜ ਦੇ ਚਲਦਿਆਂ ਕੱਪੜੇ ਦੀਆਂ ਦੁਕਾਨਾਂ, ਕਰਿਆਨਾ, ਮਿਠਾਈਆਂ, ਹੇਅਰ ਡਰੇਸਰਾਂ, ਇੱਥੋ ਤੱਕ ਕਿ ਆਟਾ ਚੱਕੀ ਵਾਲਿਆਂ ਨੇ ਵੀ ਸਟਾਲ ਲਗਾ ਕੇ ਪਟਾਕੇ ਵੇਚੇ | ਇਹ ਵੀ ਵੱਡਾ ਸਵਾਲ ਰਿਹਾ ਕਿ ਕਿੰਨੇ ਕੁ ਲੋਕਾਂ ਨੂੰ ਪਟਾਕੇ ਵਿਕਰੀ ਦੇ ਲਾਇਸੰਸ ਮਿਲੇ ਸਨ ਤੇ ਕਿੰਨੀ ਵੱਡੀ ਗਿਣਤੀ ਵਿਚ ਸਟਾਲ ਲਗਾ ਕੇ ਇਹ ਵੇਚੇ ਗਏ, ਪਰ ਇਹ ਨਜਾਇਜ਼ ਵਿੱਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅੱਖ ਵਿਚ ਨਹੀਂ ਰੜਕੀ | ਕਾਨੂੰਨੀ ਨਿਯਮਾਂਵਲੀ ਮੁਤਾਬਿਕ ਕੁੱਝ ਕੁ ਘੰਟੇ ਹੀ ਪਟਾਕੇ ਚਲਾਉਣ ਦੇ ਨਿਯਮ ਹਨ, ਪਰ ਇਹ ਸਭ ਛਿੱਕੇ ਟੰਗੇ ਰਹੇ ਤੇ ਹਵਾ ਗੁਣਵੱਤਾ ਸੂਚਕ ਅੰਕ ਬੁਰੀ ਤਰ੍ਹਾਂ ਹੇਠਾਂ ਡਿੱਗਿਆ | ਹਾਲਾਂਕਿ ਸਾਡੇ ਗੁਰੂਆਂ ਪੀਰਾਂ ਵਲੋਂ ਪਵਨ ਨੂੰ ਗੁਰੂ ਕਹਿ ਕੇ ਵਡਿਆਇਆ ਗਿਆ ਹੈ, ਪਰ ਇਸ ਦੇ ਬਾਵਜੂਦ ਤਿਉਹਾਰਾਂ ਨੂੰ ਸਾਦਗੀ ਤੇ ਸਿਹਤ ਦੇ ਉਲਟ ਕੇਵਲ ਸ਼ੋਰ ਤੇ ਹਵਾ ਪ੍ਰਦੂਸ਼ਣ ਤੱਕ ਸੀਮਤ ਕਰ ਦੇਣ ਦੀ ਸੋਚ ਮੰਦਭਾਗੀ ਹੈ, ਉੁਤੋਂ ਪ੍ਰਸ਼ਾਸਨਿਕ ਤੇ ਕਾਨੂੰਨੀ ਸਖ਼ਤੀ ਦਾ ਬੇਅਸਰ ਹੋਣਾ ਇਸ ਘੜਮੱਸ ਵਿਚ ਹੋਰ ਵਾਧਾ ਕਰਦਾ ਹੈ | ਸੀਨੀਅਰ ਸਿਟੀਜਨ ਤੇ ਧਾਰਮਿਕ ਆਗੂਆਂ ਦਾ ਮੰਨਣਾ ਹੈ ਕਿ ਤਿਉਹਾਰਾਂ ਨੂੰ ਉਨ੍ਹਾਂ ਦੇ ਅਸਲ ਮਨੋਰਥ ਮੁਤਾਬਿਕ ਹੀ ਰੌਸ਼ਨੀਆਂ ਦੇ ਤਿਉਹਾਰ ਵਜੋਂ ਮੋਮਬੱਤੀਆਂ ਤੇ ਦੀਪ ਜਗਾ ਕੇ ਹੀ ਮਨਾਇਆ ਜਾਣਾ ਚਾਹੀਦਾ ਹੈ ਤੇ ਇਸ ਸਬੰਧੀ ਸਿੱਖਿਆ ਅਤੇ ਸੇਧ ਸ਼ੁਰੂਆਤੀ ਦੌਰ ਵਿਚ ਹੀ ਦੇਣੀ ਲਾਜ਼ਮੀ ਹੈ, ਤਾਂਕਿ ਇਹ ਵੱਡੇ ਤਿਉਹਾਰ ਸਮਾਜ ਵਿਚ ਚੰਗੀ ਤੇ ਨਿੱਘਰ ਸੋਚ ਦਾ ਪਸਾਰਾ ਕਰਨ ਵਿਚ ਕਾਮਯਾਬ ਹੋ ਸਕਣ |