ਪਠਾਨਮਥਿੱਟਾ (ਕੇਰਲ), 22 ਅਕਤੂਬਰ (ਏਜੰਸੀ)-ਕੇਰਲ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਲੈਂਡਿੰਗ ਤੋਂ ਬਾਅਦ ਇਕ ਟੋਏ 'ਚ ਫਸ ਗਿਆ | ਮੌਕੇ 'ਤੇ ਮੌਜੂਦ ਪੁਲਿਸ ਤੇ ਫਾਇਰਮੈਨਾਂ ਨੇ ਭਾਰਤੀ ਹਵਾਈ ਫੌਜ ਦੇ ਐਮ.ਆਈ.17 ਹੈਲੀਕਾਪਟਰ ਨੂੰ ਟੋਏ 'ਚੋਂ ਬਾਹਰ ਕੱਢਿਆ | ਰਾਸ਼ਟਰਪਤੀ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਸਨ | ਇਹ ਘਟਨਾ ਕੇਰਲ ਦੇ ਪਠਾਨਮਥਿੱਟਾ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਵਾਪਰੀ | ਇੱਥੇ ਹੈਲੀਪੈਡ ਜਲਦਬਾਜ਼ੀ 'ਚ ਬਣਾਇਆ ਗਿਆ ਸੀ | ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਕੰਕਰੀਟ ਪੂਰੀ ਤਰ੍ਹਾਂ ਸੈੱਟ ਨਹੀਂ ਸੀ, ਇਸ ਲਈ ਜਦੋਂ ਹੈਲੀਕਾਪਟਰ ਲੈਂਡ ਕੀਤਾ, ਤਾਂ ਇਹ ਆਪਣਾ ਭਾਰ ਨਹੀਂ ਸੰਭਾਲ ਸਕਿਆ ਤੇ ਇਕ ਪਾਸੇ ਝੁਕਣ ਲੱਗਾ | ਜਿੱਥੇ ਇਸ ਦੇ ਪਹੀਏ ਜ਼ਮੀਨ ਨੂੰ ਛੂਹ ਰਹੇ ਸਨ, ਉੱਥੇ ਟੋਏ ਬਣ ਗਏ | ਅਧਿਕਾਰੀਆਂ ਅਨੁਸਾਰ ਲੈਂਡਿੰਗ ਅਸਲ 'ਚ ਪੰਬਾ ਨੇੜੇ ਨੀਲੱਕਲ ਵਿਖੇ ਯੋਜਨਾਬੱਧ ਸੀ, ਪਰ ਖਰਾਬ ਮੌਸਮ ਕਾਰਨ ਇਸ ਨੂੰ ਪ੍ਰਦਮਮ 'ਚ ਬਦਲ ਦਿੱਤਾ ਗਿਆ | ਹਾਲਾਂਕਿ, ਰਾਸ਼ਟਰਪਤੀ ਮੁਰਮੂ ਨੇ ਬਿਨਾਂ ਦੇਰੀ ਕੀਤੇ ਸੜਕ ਰਾਹੀਂ ਆਪਣੀ ਯਾਤਰਾ ਜਾਰੀ ਰੱਖੀ |