ਸ੍ਰੀ ਚਮਕੌਰ ਸਾਹਿਬ, 23 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਬੀਤੀ ਦੇਰ ਸ਼ਾਮ ਇੱਥੋਂ ਦਾ ਇਕ ਨੌਜਵਾਨ ਨਸ਼ੇ ਵਿਚ ਟੁੱਲ ਸਥਾਨਕ ਡੀ. ਐੱਸ. ਪੀ. ਦਫ਼ਤਰ ਵਿਚ ਲੱਗੇ ਬੀ. ਐੱਸ. ਐੱਨ. ਐੱਲ. ਦੇ ਟਾਵਰ 'ਤੇ ਚੜ ਗਿਆ ਤੇ ਥੱਲੇ ਲੱਤਾਂ ਲਟਕਾ ਕੇ ਬੈਠ ਗਿਆ, ਜਿਸ ਨੂੰ ਥੱਲੇ ਉਤਾਰਨ ਲਈ ਇੱਥੋਂ ਦੀ ਪੁਲਿਸ ਨੂੰ ਕਾਫ਼ੀ ਮਿਹਨਤ ਕਰਨੀ ਪਈ | ਇਹ ਨੌਜਵਾਨ ਜਿਸ ਦਾ ਨਾਂਅ ਜਸਪਾਲ ਸਿੰਘ ਹੈ, ਸ਼ਰਾਬ ਦੇ ਨਸ਼ੇ ਵਿਚ ਕਰੀਬ 100 ਫੁੱਟ ਉੱਚੇ ਟਾਵਰ 'ਤੇ ਚੜ ਕੇ ਰੌਲਾ ਪਾਉਣ ਲੱਗ ਪਿਆ ਕਿ ਮੇਰਾ ਵਿਆਹ ਕਰਵਾਓ | ਇਸ ਦੀ ਮਾਂ ਨੂੰ ਜਦੋਂ ਆਪਣੇ ਪੁੱਤਰ ਬਾਰੇ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪੁੱਜ ਗਈ ਤੇ ਆਪਣੇ ਪੁੱਤ ਨੂੰ ਟਾਵਰ ਤੋਂ ਹੇਠਾਂ ਉੱਤਰਨ ਦੇ ਵਾਸਤੇ ਪਾਉਂਦੀ ਰਹੀ ਪਰ, ਜਸਪਾਲ ਸਿੰਘ ਵਾਰ-ਵਾਰ ਇਹੀ ਕਹਿੰਦਾ ਰਿਹਾ ਹੈ ਪਹਿਲਾਂ ਮੇਰਾ ਵਿਆਹ ਕਰਾਓ, ਫਿਰ ਮੈ ਹੇਠਾਂ ਉੱਤਰਾਂਗਾ | ਇਸ ਘਟਨਾ ਦਾ ਪਤਾ ਚੱਲਦਿਆਂ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਵੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜ ਗਏ, ਉਹ ਵੀ ਵਾਰ-ਵਾਰ ਨੌਜਵਾਨ ਨੂੰ ਹੇਠਾਂ ਉੱਤਰਨ ਲਈ ਆਖਦੇ ਰਹੇ, ਪਰ ਨੌਜਵਾਨ ਜਸਪਾਲ ਸਿੰਘ ਨਸ਼ੇ ਦੀ ਹਾਲਤ ਵਿਚ ਆਪਣੀ ਗੱਲ 'ਤੇ ਅੜਿਆ ਰਿਹਾ | ਲੋਕਾਂ ਦਾ ਇਕੱਠ ਵੇਖ ਕੇ ਜਸਪਾਲ ਸਿੰਘ ਹੋਰ ਰੋਲਾ ਪਾਉਣ ਲੱਗ ਪਿਆ | ਥਾਣਾ ਮੁਖੀ ਨੇ ਇਸ ਘਟਨਾ ਦੀ ਸੂਚਨਾ ਡੀ. ਐੱਸ. ਪੀ. ਮਨਜੀਤ ਸਿੰਘ ਔਲਖ ਨੂੰ ਦਿੱਤੀ ਤਾਂ ਉਹ ਵੀ ਆਪਣੇ ਦਫ਼ਤਰ ਵਿਚ ਪੁੱਜ ਗਏ | ਇਸ ਘਟਨਾ ਨੂੰ ਲੈ ਕੇ ਪੁਲਿਸ ਵੀ ਪੂਰੀ ਚੌਕਸੀ ਵਰਤਦੀ ਰਹੀ ਤੇ ਉਨ੍ਹਾਂ ਟਾਵਰ ਦੇ ਆਲੇ ਦੁਆਲੇ ਗੱਦੇ ਵਿਛਾ ਦਿੱਤੇ ਤਾਂ ਜੋ ਛਾਲ ਮਾਰਨ ਜਾਂ ਡਿੱਗਣ ਦੀ ਹਾਲਤ ਵਿਚ ਉਸ ਨੂੰ ਬਚਾਇਆ ਜਾ ਸਕੇ | ਰਾਤ ਕਰੀਬ 11 ਕੂ ਵਜੇ ਜਦੋਂ ਨਸ਼ਾ ਘਟਿਆ ਤਾਂ ਇਹ ਨੌਜਵਾਨ ਟਾਵਰ ਤੋਂ ਹੇਠਾਂ ਉੱਤਰਿਆਂ ਤਾਂ ਪੁਲਿਸ ਅਤੇ ਬੀ. ਐੱਸ. ਐੱਨ. ਐੱਲ. ਵਾਲਿਆਂ ਨੇ ਸੁੱਖ ਦਾ ਸਾਹ ਲਿਆ | ਇੱਥੇ ਇਹ ਵੀ ਦੱਸਣਯੋਗ ਹੈ, ਇਸ ਤੋਂ ਪਹਿਲਾਂ ਵੀ ਇਹ ਨੌਜਵਾਨ ਨਸ਼ੇ ਦੀ ਹਾਲਤ ਵਿਚ ਖੰਭਿਆਂ ਅਤੇ ਇੱਥੋਂ ਤੱਕ ਕਿ ਇਕ ਸੀਵਰੇਜ ਦੇ ਮੇਨ ਹੋਲ ਵਿਚ ਵੜ ਕੇ ਖੜਦੁੰਬ ਮਚਾ ਚੁੱਕਾ ਹੈ |