ਨੂਰਪੁਰ ਬੇਦੀ, 4 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਸਵੀਰ ਸੀਰਾ ਤੇ ਸੂਬਾ ਸਕੱਤਰ ਜਸਵਿੰਦਰ ਸੋਜਾ ਨੇ ਦੱਸਿਆ ਕਿ ਵਣ ਮੰਤਰੀ ਤੇ ਵਿੱਤ ਮੰਤਰੀ ਨਾਲ ਅਨੇਕਾਂ ਮੀਟਿੰਗਾਂ ਹੋਈਆਂ | ਜਿਸ ਦੌਰਾਨ ਵਣ ਤੇ ਜੰਗਲੀ ਜੀਵ ਵਿਭਾਗ 'ਚ ਸਾਲ 2006 ਤੱਕ 10 ਸਾਲ ਪੂਰੇ ਕਰਨ ਵਾਲੇ ਰਹਿੰਦੇ 14 ਕਾਮਿਆਂ ਤੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਮੰਗ ਉਠਾਈ ਜਾਂਦੀ ਰਹੀ ਪਰ ਅਜੇ ਤੱਕ ਇਕ ਵੀ ਅਨਪੜ੍ਹ ਕਾਮਾ ਪੱਕਾ ਨਹੀਂ ਕੀਤਾ ਗਿਆ | ਸੂਬਾ ਚੇਅਰਮੈਨ ਵਿਰਸਾ ਸਿੰਘ ਚਾਹਲ, ਵਿੱਤ ਸਕੱਤਰ ਅਮਨਦੀਪ, ਸੀਨੀਅਰ ਮੀਤ ਪ੍ਰਧਾਨ ਰਣਜੀਤ ਗੁਰਦਾਸਪੁਰ, ਬਲਵੀਰ ਤਰਨਤਾਰਨ ਤੇ ਸਤਨਾਮ ਸਿੰਘ ਸੰਗਰੂਰ ਨੇ ਕਿਹਾ ਕਿ ਵਿਭਾਗ ਦੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਫ਼ੈਸਲੇ ਅਧੀਨ ਰੈਗੂਲਰ ਕੀਤਾ ਹੈ ਅਤੇ ਬਾਕੀ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੱਕਾ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ | ਜਦ ਕਿ ਮੁੱਖ ਮੰਤਰੀ ਪੰਜਾਬ ਵਲੋਂ ਵਿਭਾਗ ਦੇ ਕਾਮਿਆਂ ਨੂੰ 30 ਜੁਲਾਈ ਨੂੰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇ ਕੇ ਪੱਕੇ ਕੀਤੇ ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀਆਂ ਤਨਖ਼ਾਹਾਂ ਦੇ ਕੇ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ | ਜਥੇਬੰਦੀ ਦੇ ਆਗੂ ਸ਼ੇਰ ਸਿੰਘ ਸਰਹਿੰਦ, ਰਵੀਕਾਂਤ ਰੋਪੜ, ਬੱਬੂ ਸਿੰਘ ਮਾਨਸਾ, ਕੇਵਲ ਕਿ੍ਸ਼ਨ ਨਵਾਂਸ਼ਹਿਰ ਅਤੇ ਮਲਕੀਤ ਸਿੰਘ ਮੁਕਤਸਰ ਨੇ ਦੱਸਿਆ ਹੋਰ ਮੰਗਾਂ ਨੂੰ ਹੱਲ ਕਰਵਾਉਣ ਲਈ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਸਰਕਾਰ ਵਲੋਂ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ 6 ਨਵੰਬਰ ਨੂੰ ਰੋਸ ਧਰਨਾ ਦੇਣ ਉਪਰੰਤ ਸ਼ਹਿਰ 'ਚ ਝੰਡਾ ਮਾਰਚ ਕੱਢਿਆ ਜਾਵੇਗਾ | ਮੀਟਿੰਗ 'ਚ ਸੁਲੱਖਣ ਮੋਹਾਲੀ, ਸੁਖਦੇਵ ਜਲੰਧਰ, ਰਵੀ ਲੁਧਿਆਣਾ, ਗੁਰਬੀਰ ਫ਼ਿਰੋਜ਼ਪੁਰ, ਬਲਰਾਜ ਸਿੰਘ ਪਠਾਨਕੋਟ, ਭਵੀਸ਼ਨ ਜਲੰਧਰ, ਕੁਲਦੀਪ ਗੁਰਦਾਸਪੁਰ, ਪਵਨ ਹੁਸ਼ਿਆਰਪੁਰ, ਭੁਪਿੰਦਰ ਦਸੂਹਾ, ਜਗਤਾਰ ਸ਼ਾਹਪੁਰ, ਅਜੇ, ਭੁਪਿੰਦਰ ਨਾਭਾ ਤੇ ਕਰਮ ਸਿੰਘ ਹਰੀਕੇ ਪਤਨ ਆਦਿ ਹਾਜ਼ਰ ਸਨ |