ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ-ਘਨੌਲੀ ਦੀ ਅਹਿਮ ਮੀਟਿੰਗ ਰੂਪਨਗਰ 'ਚ ਹੋਈ, ਜਿਸ ਦੀ ਅਗਵਾਈ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ ਨੇ ਕੀਤੀ | ਮੀਟਿੰਗ 'ਚ ਜਨਰਲ ਸਕੱਤਰ ਗਿਆਨ ਸਿੰਘ ਘਨੌਲੀ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ, ਕਿਸਾਨ ਆਗੂ ਹਰਦੇਵ ਸਿੰਘ ਖੇੜੀ, ਮੋਹਨ ਸਿੰਘ ਬਹਾਦਰਪੁਰ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ | ਕਮੇਟੀ ਵਲੋਂ ਦੱਸਿਆ ਗਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਹੈੱਡਵਰਕਸ ਸਰਹਿੰਦ ਕਨਾਲ ਦੇ ਪਟਵਾਰਖਾਨੇ ਵਾਲੇ ਰਸਤੇ ਨੂੰ ਖੋਲ੍ਹਣ ਬਾਰੇ ਕਈ ਵਾਰ ਐਕਸੀਅਨ ਹੈੱਡਵਰਕਸ ਨਾਲ ਮੀਟਿੰਗਾਂ ਹੋਈਆਂ, ਪਰ ਐਕਸੀਅਨ ਵਲੋਂ ਕੀਤੇ ਫ਼ੈਸਲਿਆਂ ਦੀ ਪਾਲਣਾ ਨਾ ਕਰਨ ਕਾਰਨ ਲੋਕਾਂ ਵਿਚ ਨਿਰਾਸ਼ਾ ਅਤੇ ਗੁੱਸੇ ਦਾ ਮਾਹੌਲ ਹੈ | ਕਮੇਟੀ ਦੇ ਮੁਤਾਬਿਕ ਰਸਤਾ ਬੰਦ ਹੋਣ ਕਰਕੇ ਹਜ਼ਾਰਾਂ ਲੋਕ ਬੇਸਹਾਰਾ, ਧੱਕੇਸ਼ਾਹੀ ਤੇ ਬੇਇਨਸਾਫੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਲਾਕਾ ਚਾਰ ਚੁਫੇਰੇ 'ਘਿਰਿਆ ਹੋਇਆ' ਮਹਿਸੂਸ ਕਰ ਰਿਹਾ ਹੈ | ਕਮੇਟੀ ਨੇ ਐਲਾਨ ਕੀਤਾ ਕਿ ਇਸ ਨਾਈਾਸਾਫੀ ਦੇ ਵਿਰੋਧ 'ਚ 11 ਦਸੰਬਰ 2025 ਨੂੰ ਐਕਸੀਅਨ ਸਰਹਿੰਦ ਕਨਾਲ ਦੇ ਦਫਤਰ ਅੱਗੇ ਜ਼ੋਰਦਾਰ ਧਰਨਾ ਦਿੱਤਾ ਜਾਵੇਗਾ, ਜੋ ਰਸਤਾ ਖੁਲ੍ਹਣ ਤੱਕ ਜਾਰੀ ਰਹੇਗਾ | ਮੀਟਿੰਗ ਤੋਂ ਬਾਅਦ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ ਤੇ ਗਿਆਨ ਸਿੰਘ ਘਨੌਲੀ ਨੇ ਕਮੇਟੀ ਮੈਂਬਰਾਂ ਦੇ ਨਾਲ ਮਿਲ ਕੇ ਐਸ. ਡੀ. ਓ. ਸੰਜੀਵ ਕੁਮਾਰ (ਪੀ. ਡਬਲਿਊ. ਡੀ.) ਨੂੰ ਲੋਦੀ ਮਾਜਰਾ ਤੋਂ ਘਨੌਲੀ ਨੂੰ ਜਾਂਦੀ ਸੜਕ ਦੀ ਮੁਰੰਮਤ ਲਈ ਬੇਨਤੀ ਕੀਤੀ | ਉਨ੍ਹਾਂ ਨੇ ਸੜਕ 'ਤੇ ਲੁੱਕ ਬਜਰੀ ਪਾਉਣ ਤੇ ਇੰਟਰਲਾਕ ਟਾਈਲਾਂ ਲਗਾਉਣ ਦੀ ਮੰਗ ਕੀਤੀ | ਐਸ. ਡੀ. ਓ. ਸੰਜੀਵ ਕੁਮਾਰ ਨੇ ਭਰੋਸਾ ਦਿਵਾਇਆ ਕਿ ਲੋਦੀ ਮਾਜਰਾ-ਘਨੌਲੀ ਸੜਕ 'ਤੇ ਇਕ ਹਫਤੇ 'ਚ ਲੁੱਕ ਬਜਰੀ ਪਾ ਦਿੱਤੀ ਜਾਵੇਗੀ ਤੇ ਇੰਟਰਲਾਕ ਟਾਈਲਾਂ ਲਾ ਕੇ ਸੜਕ ਨੂੰ ਦਸੰਬਰ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਕਰਕੇ ਚਾਲੂ ਕਰ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਪਿੰਡਾਂ ਦੀਆਂ ਸੜਕਾਂ ਉੱਤੇ ਵੀ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸਿਆਲ ਦੇ ਮੌਸਮ 'ਚ ਲਗਾਤਾਰ ਜਾਰੀ ਰਹੇਗਾ | ਸੰਘਰਸ਼ ਕਮੇਟੀ ਨੇ ਕਿਹਾ ਕਿ ਜਨਹਿੱਤ ਦੇ ਇਸ ਮੁੱਦੇ 'ਤੇ ਲੜਾਈ ਪੂਰੀ ਤਾਕਤ ਨਾਲ ਜਾਰੀ ਰਹੇਗੀ |