09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਿਜਲੀ ਸੋਧ ਬਿੱਲ ਤੇ ਨਵੇਂ ਬੀਜ ਬਿੱਲ ਖ਼ਿਲਾਫ਼ ਕਿਰਤੀ ਕਿਸਾਨ ਮੋਰਚਾ ਦੀ ਮੀਟਿੰਗ

ਅਜੀਤ ਡੈਸਕ 06-12-2025
ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਕਿਰਤੀ ਕਿਸਾਨ ਮੋਰਚਾ ਰੂਪਨਗਰ ਵਲੋਂ ਇਥੋਂ ਨਜ਼ਦੀਕੀ ਪਿੰਡ ਸੈਦਪੁਰਾ 'ਚ ਮੋਦੀ ਸਰਕਾਰ ਵਲੋਂ ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਖ਼ਿਲਾਫ਼ ਮੀਟਿੰਗ ਕਰਕੇ 8 ਦਸੰਬਰ ਨੂੰ ਡਵੀਜ਼ਨ ਦਫ਼ਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਫੂਕਣ ਦਾ ਫ਼ੈਸਲਾ ਕੀਤਾ | ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 8 ਦਸੰਬਰ ਨੂੰ ਬਿਜਲੀ ਬਿੱਲ 2025 ਖ਼ਿਲਾਫ਼ ਬਿਜਲੀ ਬੋਰਡ ਦੇ ਡਵੀਜ਼ਨ ਦਫ਼ਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ | ਨਵੇਂ ਬਿਜਲੀ ਬਿੱਲ 'ਚ ਕੇਂਦਰ ਸਰਕਾਰ ਨੇ ਬਿਜਲੀ ਮਹਿਕਮੇ ਨੂੰ ਕੇਂਦਰੀਕਰਨ ਅਤੇ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸੂਬਾਈ ਬਿਜਲੀ ਬੋਰਡ ਨੂੰ ਭੰਗ ਕਰਕੇ ਕੇਂਦਰ ਪੱਧਰ ਦੀ ਕੌਂਸਲ ਬਣਾਈ ਜਾਵੇਗੀ, ਜਿਸ ਦਾ ਮੁਖੀ ਕੇਂਦਰੀ ਬਿਜਲੀ ਮੰਤਰੀ ਹੋਵੇਗਾ, ਕਰਾਸ ਸਬਸਿਡੀ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਚਿੱਪ ਵਾਲੇ ਮੀਟਰ ਲਗਾਏ ਜਾਣਗੇ, ਜਿਸ ਨਾਲ ਇਕ ਪਾਸੇ ਬਿਜਲੀ ਮਹਿੰਗੀ ਹੋਵੇਗੀ ਤੇ ਦੂਜੇ ਪਾਸੇ ਰੁਜ਼ਗਾਰ ਨੂੰ ਸੱਟ ਵੱਜੇਗੀ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਿੱਲ ਖ਼ਿਲਾਫ਼ ਵਿਧਾਨ ਸਭਾ 'ਚ ਮਤਾ ਪਾਸ ਕਰੇ ਅਤੇ ਕੇਂਦਰ ਸਰਕਾਰ ਨੂੰ ਲਿਖਤੀ ਤੌਰ 'ਤੇ ਬਿੱਲ ਰੱਦ ਕਰਨ ਲਈ ਆਪਣੇ ਸੁਝਾਅ ਭੇਜੇ | ਇਸ ਮੌਕੇ 16 ਦਸੰਬਰ ਨੂੰ ਗ਼ਦਰੀ ਬਾਬਾ ਕਿਰਪਾ ਸਿੰਘ, ਗ਼ਦਰੀ ਗੁਲਾਬ ਕੌਰ ਤੇ ਸ਼ਹੀਦ ਸਰਵਣ ਸਿੰਘ ਦੀ ਮਨਾਈ ਜਾ ਰਹੀ ਬਰਸੀ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਬਲਾਕ ਪ੍ਰਧਾਨ ਫ਼ੌਜੀ ਹਰਜੀਤ ਸਿੰਘ ਸੈਦਪੁਰਾ, ਜਸਵੀਰ ਸਿੰਘ ਸੈਦਪੁਰਾ, ਚੰਨਪ੍ਰੀਤ ਗੁਰਧਾਤ ਸਿੰਘ, ਰਘਬੀਰ ਸਿੰਘ, ਤਰਲੋਚਨ ਸਿੰਘ, ਦਲਵੀਰ ਸਿੰਘ, ਸੁਖਜਿੰਦਰ ਸਿੰਘ ਮਿੱਠੂ, ਦਲਵਾਰਾ ਸਿੰਘ ਫ਼ੌਜੀ ,ਗੁਰਨਾਮ ਸਿੰਘ, ਗੁਰਮੁਖ ਸਿੰਘ, ਮੱਘਰ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਇਲਾਕੇ ਮੀਰਪੁਰ ਵਿਖੇ ਦੇਸ਼ ਭਗਤਾਂ ਦੀ ਯਾਦਗਾਰ ਬਣਾਉਣ ਦਾ ਕੰਮ ਕੱਲ੍ਹ ਹੋਵੇਗਾ ਸ਼ੁਰੂ ਅਗਲੀ ਖ਼ਬਰ ਬਾਬਾ ਪ੍ਰੇਮ ਸਿੰਘ ਭੱਲੜੀ ਵਾਲਿਆਂ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਉਪ ਸੇਵਾਦਾਰ ਬਣਾਉਣ ਦੀ ਮੰਗ ਉੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।