ਰਈਆ, 16 ਜੂਨ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਤਿੰਨ ਐਕਟਿਵਾ ਸਵਾਰ ਚੋਰਾਂ ਦੁਆਰਾ ਜੀ. ਟੀ. ਰੋਡ 'ਤੇ ਬਾਠ ਹਸਪਤਾਲ ਕੋਲ ਸਥਿਤ ਭਗਵਾਨ ਦਾਸ ਕਰਿਆਨੇ ਦੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਇਕ ਲੱਖ ਤੋਂ ਉੱਪਰ ਸਾਮਾਨ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਦੁਕਾਨ ਦੇ ਮਾਲਕ ਪੀੜਤ ਰਜਿੰਦਰ ਕਾਲੜਾ ਪੁੱਤਰ ਸਵਰਗੀ ਸ਼੍ਰੀ ਭਗਵਾਨ ਦਾਸ ਵਾਸੀ ਰਈਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰੇ ਚਲੇ ਗਏ ਸਵੇਰੇ ਚਾਰ ਵਜੇ ਪਹਿਰੇਦਾਰ ਨੇ ਫੋਨ ਕਰਕੇ ਦੱਸਿਆ ਕਿ ੳਨ੍ਹਾਂ ਦੀ ਦੁਕਾਨ ਦਾ ਸ਼ਟਰ ਚੁਕਿਆ ਹੋਇਆ ਹੈ | ਉਨ੍ਹਾਂ ਨੇ ਜਦ ਆ ਕੇ ਦੇਖਿਆ ਤਾਂ ਸ਼ਟਰ ਦੇ ਤਿੰਨੇ ਲੌਕ ਟੁਟੇ ਹੋਏ ਸਨ ਤੇ ਸਾਮਾਨ ਅੰਦਰ ਖਿਲਰਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦੇਸੀ ਘਿਉ, ਮਹਿੰਗੀਆਂ ਸਿਗਰਟਾਂ, ਗਿਰੀ ਬਦਾਮ, ਰੈੱਡਬੱੁਲ, ਗੱਲੇ ਵਿਚ ਪਈ ਨਕਦੀ ਜੋ ਸਾਰੇ ਪਾ ਕੇ ਕਰੀਬ ਇੱਕ ਲੱਖ ਤੋਂ ਉਪਰ ਬਣਦਾ ਹੈ ਚੋਰੀ ਕਰਕੇ ਲੈ ਗਏ | ਚੋਰਾਂ ਦੇ ਇੱਕ ਜਾਣੇ ਦਾ ਮੂੰਹ ਨੰਗਾ ਸੀ ਦੋ ਜਾਣਿਆਂ ਨੇ ਮੂੰਹ ਢੱਕੇ ਹੋਏ ਸਨ | ਚੋਰਾਂ ਨੇ ਚੋਰੀ ਏਨੀ ਬੇਖੌਫ ਹੋ ਕੇ ਕੀਤੀ ਕਿ ਬੋਰੇ ਵਿਚ ਸਾਮਾਨ ਪਾ ਕੇ ਐਕਟਿਵਾ 'ਤੇ ਵਾਰੀ-ਵਾਰੀ ਛੱਡੀ ਆਉਂਦੇ ਸਨ | ਚੋਰੀ ਕਰਦਿਆਂ ਦੀ ਫੁਟੇਜ ਵੀ ਦੁਕਾਨ ਤੇ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ | ਚੋਰਾਂ ਦੇ ਵਾਲ ਤੇ ਦਾੜੀ ਕੱਟੀ ਹੋਈ ਸੀ |