ਪੰਚਾਇਤੀ ਜ਼ਮੀਨ ਦੀ ਬੋਲੀ ਇਕਤਰਫ਼ਾ ਕਰਵਾਉਣ 'ਤੇ ਬੀ. ਡੀ. ਓ. ਦਫ਼ਤਰ ਦਾ ਘਿਰਾਓ
ਅਜੀਤ ਡੈਸਕ
19-06-2025
ਚੋਗਾਵਾਂ, 18 ਜੂਨ (ਗੁਰਵਿੰਦਰ ਸਿੰਘ ਕਲਸੀ)-ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਵਿਖੇ ਬਲਾਕ ਚੋਗਾਵਾਂ ਵਲੋਂ ਇਕ ਤਰਫਾ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਚਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਬੀ. ਡੀ. ਓ. ਦਫਤਰ ਚੋਗਾਵਾਂ ਦਾ ਘਿਰਾਓ ਕਰਕੇ ਸਖ਼ਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਰਣਜੀਤ ਸਿੰਘ, ਬਲਾਕ ਸਕੱਤਰ ਬਲਦੇਵ ਸਿੰਘ, ਨਿਰਮਲ ਸਿੰਘ, ਦਿਲਬਾਗ ਸਿੰਘ, ਸੁਖਦੇਵ ਸਿੰਘ ਕਲੇਰ ਵਣੀਏਕੇ, ਮਿੰਟੂ ਡੱਲੇਕੇ, ਦਿਲਬਾਗ ਸਿੰਘ ਫੌਜੀ ਸ਼ਹੂਰਾ, ਸੁਖਦੇਵ ਸਿੰਘ ਵਣੀਏਕੇ, ਸੱਜਣ ਸਿੰਘ, ਬਲਕਾਰ ਸਿੰਘ ਡੱਲੇਕੇ, ਮਹਿੰਦਰ ਸਿੰਘ ਸ਼ਹੂਰਾ, ਦਿਲਬਾਗ ਸਿੰਘ ਫੌਜੀ, ਸਤਪਾਲ ਸਿੰਘ, ਗੁਰਜੀਤ ਸਿੰਘ, ਲਖਬੀਰ ਸਿੰਘ ਡੱਲੇਕੇ ਆਦਿ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਪਿਛਲੀ 13 ਜੂਨ ਨੂੰ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਚੁੱਕੀ ਹੈ, ਪਰ 18 ਜੂਨ ਨੂੰ ਸੈਕਟਰੀ ਨੇ ਸਾਨੂੰ ਚੋਗਾਵਾਂ ਬਲਾਕ ਦਫ਼ਤਰ ਭੇਜ ਕੇ ਸਿਆਸੀ ਸ਼ਹਿ ਇੱਕਤਰਫਾ ਪੰਚਾਇਤੀ ਬੋਲੀ ਕਰਵਾ ਦਿੱਤੀ | ਜਦੋਂ ਅਸੀਂ ਪਹੁੰਚੇ ਤਾਂ ਸੈਕਟਰੀ ਨੇ ਕਿਹਾ ਕਿ ਬੋਲੀ ਤਾਂ ਹੋ ਚੁੱਕੀ ਹੈ | ਜਦੋਂ ਅਸੀਂ ਇਤਰਾਜ ਜਤਾਇਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ, ਜਿਸ ਦੇ ਵਿਰੋਧ ਵਿਚ ਬੀ. ਡੀ. ਓ. ਦਫਤਰ ਦਾ ਘਿਰਾਓ ਕੀਤਾ ਗਿਆ | ਉਨ੍ਹਾਂ ਦੁਬਾਰਾ ਪੰਚਾਇਤੀ ਬੋਲੀ ਕਰਵਾਉਣ ਦੀ ਮੰਗ ਡੀ. ਡੀ. ਪੀ. ਓ. ਅੰਮਿ੍ਤਸਰ ਤੋਂ ਕੀਤੀ | ਇਸ ਮੌਕੇ ਬੀ. ਡੀ. ਓ. ਚੋਗਾਵਾਂ ਜਸਬੀਰ ਕੌਰ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਗਈ ਹੈ, ਉਹ ਕਾਨੂੰਨ ਮੁਤਾਬਿਕ ਕਰਵਾਈ ਗਈ ਹੈ | ਇਸ ਸੰਬੰਧੀ ਕਿਸਾਨਾਂ ਵਲੋਂ ਪੰਚਾਇਤੀ ਬੋਲੀ ਦੁਬਾਰਾ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ, ਜੋ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |