ਜੰਡਿਆਲਾ ਗੁਰੂ, 20 ਜੂਨ (ਪ੍ਰਮਿੰਦਰ ਸਿੰਘ ਜੋਸਨ)-ਲੱਕੜ ਦਾ ਸਾਮਾਨ ਬਣਾਉਣ ਦਾ ਕੰਮ ਕਰਦੇ ਇਕ ਵਿਅਕਤੀ ਦਾ ਦੂਸਰੀ ਵਾਰ ਜੰਡਿਆਲਾ ਗੁਰੂ 'ਚੋਂ ਮੋਟਰਸਾਈਕਲ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪਿੰਡ ਤਾਰਾਗੜ੍ਹ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਗੁਰਨਾਮ ਸਿੰਘ ਜੋ ਜੰਡਿਆਲਾ ਗੁਰੂ ਵਿਖੇ ਲੰਬੇ ਸਮੇਂ ਤੋਂ ਕਾਰਪੇਂਟਰ ਦਾ ਕੰਮ ਕਰਦਾ ਆ ਰਿਹਾ ਸੀ ਅਤੇ ਬੀਤੇ ਦਿਨ ਜਦੋਂ ਉਹ ਆਪਣੇ ਮੋਟਰਸਾਈਕਲ ਨੂੰ ਆਪਣੀ ਦੁਕਾਨ ਦੇ ਬਾਹਰ ਤਾਲਾ ਲਗਾਕੇ ਜੰਡਿਆਲਾ ਗੁਰੂ ਵਿਖੇ ਦੁਕਾਨ ਅੰਦਰ ਕੰਮ ਕਰ ਰਿਹਾ ਸੀ ਤਾਂ ਜਦੋਂ ਉਸਨੇ ਥੋੜੀ ਦੇਰ ਬਾਅਦ ਬਾਹਰ ਆ ਕੇ ਵੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਪੀੜਤ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਉਸ ਦਾ ਦੂਸਰੀ ਵਾਰ ਮੋਟਰਸਾਈਕਲ ਚੋਰੀ ਹੋਇਆ ਹੈ ਅਤੇ ਜੋ ਹੁਣ ਮੋਟਰਸਾਈਕਲ ਚੋਰੀ ਹੋਇਆ ਹੈ ਉਹ ਉਸਦਾ ਨੰਬਰ ਪੀ ਬੀ 02 ਈ. ਏ. 4904 ਹੈ | ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਸ ਦਾ ਮੋਟਰਸਾਈਕਲ ਸਪਲੈਂਡਰ ਪੀ. ਬੀ. 02 ਬੀ. ਐੱਮ. 1043 ਚੋਰੀ ਹੋ ਚੁੱਕਾ ਹੈ ਅਤੇ ਇਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ | ਪੁਲਿਸ ਚੌਂਕੀ ਜੰਡਿਆਲਾ ਗੁਰੂ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ |