23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਾਲਮੀਕਿ ਤੀਰਥ ਵਿਖੇ ਮੱਛੀ ਨੂੰ ਸੋਨੇ ਦੀ ਨੱਥ ਪਾਈ ਤੇ ਕੀਤੀ ਸਰੋਵਰ ਪੂਜਾ

ਅਜੀਤ ਡੈਸਕ 05-11-2025
ਰਾਮ ਤੀਰਥ, 4 ਨਵੰਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਤੀਰਥ ਵਿਖੇ ਚੱਲ ਰਹੇ ਮੇਲੇ ਦੌਰਾਨ ਪੁਰਾਤਨ ਪਰੰਪਰਾ ਅਨੁਸਾਰ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਤੇ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਸੰਤ ਸਮਾਜ ਤੇ ਸ਼ਰਧਾਲੂਆਂ ਵਲੋਂ ਸਰੋਵਰ ਪੂਜਾ ਕਰਨ ਉਪਰੰਤ ਮਛਲੀ ਨੂੰ ਸੋਨੇ ਦੀ ਨੱਥ ਪਹਿਨਾ ਕੇ ਵਾਪਸ ਸਰੋਵਰ ਵਿਚ ਛੱਡਿਆ ਗਿਆ | ਇਸ ਦੇ ਨਾਲ ਸਰੋਵਰ ਵਿਚਲੀਆਂ ਮਛਲੀਆਂ ਦੇ ਖਾਣ ਵਾਸਤੇ ਖੁਰਾਕ ਵੀ ਪਾਈ ਗਈ | ਇਸ ਸਮੇਂ ਮਹੰਤ ਮਲਕੀਤ ਨਾਥ ਨੇ ਦੱਸਿਆ ਕਿ ਇਹ ਮੇਲਾ ਕਰੀਬ 15 ਦਿਨ ਤੱਕ ਚੱਲਦਾ ਰਹਿੰਦਾ ਹੈ | ਜਿਸ ਵਿਚ ਦੇਸ਼ ਵਿਦੇਸ਼ ਵਿਚੋਂ ਲੱਖਾਂ ਸ਼ਰਧਾਲੂ ਹਰ ਸਾਲ ਆ ਕੇ ਨਤਮਸਤਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕਾਫੀ ਦੇਰ ਪਹਿਲਾਂ ਇੱਥੇ ਅਕਸਰ ਦੁਰਘਟਨਾਵਾਂ ਹੋ ਜਾਂਦੀਆਂ ਸਨ ਅਤੇ ਕਈ ਸ਼ਰਧਾਲੂ ਇਸ਼ਨਾਨ ਕਰਦੇ ਸਮੇਂ ਸਰੋਵਰ ਵਿਚ ਡੁੱਬ ਜਾਂਦੇ ਸਨ | ਇਸ ਕਰਕੇ ਸੰਤ ਮਹਾਤਮਾ ਨੇ ਸਲਾਹ ਮਸ਼ਵਰਾ ਕਰਕੇ ਸਰੋਵਰ ਪੂਜਾ ਸ਼ੁਰੂ ਕੀਤੀ, ਹੁਣ ਕਦੇ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ | ਇਸ ਮੌਕੇ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਦੇ ਮੁਖੀ ਮਹੰਤ ਗਿਰਧਾਰੀ ਨਾਥ, ਬਾਬਾ ਬਲਵੰਤ ਨਾਥ, ਸੰਤ ਰਕੇਸ਼ ਨਾਥ, ਬਿੱਟੂ ਨੰਗਲੀ, ਅਸ਼ੋਕ ਸੱਭਰਵਾਲ, ਡਾਕਟਰ ਭੁਪਿੰਦਰ ਸਿੱਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਤ ਮਹਾਤਮਾ ਹਾਜ਼ਰ ਸਨ | ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਲਾਨਾ ਮੇਲਾ ਲਵ ਕੁਸ਼ ਦੀ ਜਿੱਤ ਦੀ ਖੁਸ਼ੀ ਵਿਚ ਹਰ ਸਾਲ ਮਨਾਇਆ ਜਾਂਦਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਨਾਲਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ 'ਫਿਊਜ਼ਨ 2025' ਮੇਲਾ 'ਚ ਮਸੂਰੀ ਇੰਟਰਨੈਸ਼ਨਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।