ਜੈਂਤੀਪੁਰ, 4 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਬਾਗਬਾਨੀ ਵਿਭਾਗ ਪੰਜਾਬ ਅਧੀਨ ਨਾਸ਼ਪਤੀ ਅਸਟੇਟ ਅੰਮਿ੍ਤਸਰ (ਵੇਰਕਾ ਬਾਈਪਾਸ) ਵਿਖੇ 6 ਨਵੰਬਰ ਨੂੰ ਸਵੇਰੇ 10 ਵਜੇ ਨਾਸ਼ਪਤੀ ਖੇਤੀ ਪ੍ਰਫੁਲਿਤ ਕਰਨ ਲਈ ਟੈਕਨੀਕਲ ਸੈਸ਼ਨ ਅਤੇ ਜਨਰਲ ਇਜਲਾਸ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਸੀ.ਈ.ਓ. ਪੀਅਰ ਅਸਟੇਟ ਵਲੋਂ ਇਸ ਜਨਰਲ ਇਜਲਾਸ ਵਿਚ ਭਾਗ ਲੈਣ ਲਈ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨਤਾਰਨ ਦੇ ਨਾਸ਼ਪਤੀ ਦੇ ਸਮੂਹ ਬਾਗਬਾਨਾਂ ਨੂੰ ਖੁੱਲ੍ਹ੍ਹਾ ਸੱਦਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਤਕਨੀਕੀ ਸੈਸ਼ਨ ਵਿਚ ਨਾਖ ਨਾਲ ਸੰਬੰਧਿਤ ਵੱਖ-ਵੱਖ ਮਾਹਿਰਾਂ ਵਲੋਂ ਗਿਆਨ ਦਿੱਤਾ ਜਾਵੇਗਾ ਅਤੇ ਬਾਗਬਾਨੀ ਕਿੱਤੇ ਨਾਲ ਸੰਬੰਧਿਤ ਵਿਭਾਗ ਦੀਆਂ ਚੱਲ ਰਹੀਆਂ ਐੱਮ. ਆਈ. ਡੀ. ਐੱਚ. ਸਕੀਮਾਂ ਅਧੀਨ ਜਾਰੀ ਗਾਈਡਲਾਇੰਨਸ ਬਾਰੇ ਜਿਵੇਂ ਕਿ ਨਵਾਂ ਬਾਗ ਲਗਾਉਣ ਲਈ 50 ਹਜ਼ਾਰ ਰੁਪਏ ਪ੍ਰਤੀ ਹੈਕ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜਾਰ ਰੁਪੇ ਪ੍ਰਤੀ ਹੈਕ, ਫੁੱਲਾਂ ਦੀ ਕਾਸ਼ਤ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕ, ਸ਼ੈੱਡਨੈਟ ਹਾਊਸ ਲਈ 14,20,000 /-ਰੁਪਏ ਪ੍ਰਤੀ ਏਕੜ, ਵਰਮੀਕੰਪੋਸਟ ਯੂਨਿਟ ਲਈ 50 ਹਜ਼ਾਰ ਰੁਪਏ, ਖੁੰਬਾਂ ਦੀ ਪੈਦਾਵਾਰ ਅਤੇ ਕੰਪੋਸਟ ਬਣਾਉਣ ਲਈ 12 ਲੱਖ ਰੁਪਏ ਪ੍ਰਤੀ ਯੂਨਿਟ ਆਦਿ ਸਕੀਮਾਂ ਅਤੇ ਪੀਅਰ ਅਸਟੇਟ ਦੀਆਂ ਗਤੀਵਿਧੀਆਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ |