ਰਾਮ ਤੀਰਥ, 4 ਨਵੰਬਰ( ਧਰਵਿੰਦਰ ਸਿੰਘ ਔਲਖ)-ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਨੂਰਪੁਰ ਵਿਖੇ ਇਕ ਔਰਤ ਵਲੋਂ ਪਿੰਡ ਦੇ ਇਕ ਵਿਅਕਤੀ ਨੂੰ ਆਪਣੀ ਮੋਟਰ 'ਤੇ ਨਸ਼ਾ ਕਰਨ ਤੋਂ ਵਰਜਿਆ ਤਾਂ ਉਸ ਨੇ ਔਰਤ ਨਾਲ ਮਾੜੇ ਸ਼ਬਦ ਬੋਲੇ ਅਤੇ ਰਾਤ ਸਮੇਂ ਉਕਤ ਵਿਅਕਤੀ ਦੇ ਪੁੱਤਰ ਵਲੋਂ ਅਣਪਛਾਤੇ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ, ਗੋਲੀਆਂ ਚਲਾਈਆਂ ਅਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀ ਔਰਤ ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਸੀ ਤਾਂ ਪਿੰਡ ਦਾ ਹੀ ਇਕ ਵਿਅਕਤੀ ਬੱਬਾ ਜੋ ਨਸ਼ੇ ਕਰਨ ਦਾ ਆਦੀ ਸੀ, ਉਨ੍ਹਾਂ ਦੀ ਮੋਟਰ 'ਤੇ ਟੀਕਾ ਲਾਉਣ ਲਈ ਜਾ ਰਿਹਾ ਸੀ, ਜਿਸ ਨੂੰ ਉਸ ਨੇ ਰੋਕਿਆ ਤਾਂ ਉਹ ਉਸ ਨੂੰ ਮਾੜਾ ਬੋਲਣ ਲੱਗ ਪਿਆ | ਥੋੜੀ ਦੂਰੀ 'ਤੇ ਖੜ੍ਹੇ ਸਰਬਜੀਤ ਕੌਰ ਦੇ ਪੁੱਤਰ ਜੁਗਰਾਜ ਸਿੰਘ ਨਾਲ ਵੀ ਉਸ ਦੀ ਹੱਥੋਂ ਪਾਈ ਹੋ ਗਈ | ਉਹ ਘਰ ਆਏ ਤਾਂ ਬੱਬੇ ਦੇ ਪੁੱਤਰ ਵਿਸ਼ਾਲ ਨੇ ਜੁਗਰਾਜ ਨੂੰ ਧਮਕੀ ਭਰਿਆ ਫੋਨ ਕੀਤਾ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਸਰਪੰਚ ਸੰਦੀਪ ਸਿੰਘ ਨੂੰ ਦਿੱਤੀ | ਉਸਨੇ ਦੱਸਿਆ ਕਿ ਬੀਤੀ ਰਾਤ ਕਰੀਬ 7 ਵਜੇ ਕਰੀਬ 20-25 ਨੌਜਵਾਨਾਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ, ਗੋਲੀਆਂ ਚਲਾਈਆਂ ਤੇ ਦਾਤਰ, ਕਿਰਪਾਨਾਂ ਮਾਰ ਕੇ ਉਨ੍ਹਾਂ ਦਾ ਗੇਟ ਵੀ ਵੱਢ ਦਿੱਤਾ | ਉਕਤ ਔਰਤ ਨੇ ਵਿਸ਼ਾਲ 'ਤੇ ਨਸ਼ਿਆਂ ਦਾ ਧੰਦਾ ਕਰਨ ਦੇ ਦੋਸ਼ ਵੀ ਲਗਾਏ | ਉਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸੰਬੰਧੀ ਚੌਂਕੀ ਰਾਮ ਤੀਰਥ ਦੇ ਇੰਚਾਰਜ ਏ. ਐੱਸ. ਆਈ. ਜੋਗਿੰਦਰ ਸਿੰਘ ਬੰਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਕੀਤੀ ਗਈ ਜਾ ਰਹੀ ਹੈ, ਜਦੋਂ ਕਿ ਦੋਸ਼ੀ ਅਤੇ ਉਸ ਦਾ ਸਾਰਾ ਪਰਿਵਾਰ ਘਰੋਂ ਫਰਾਰ ਹਨ |