ਬਨੂੜ, 16 ਜੂਨ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਦੇ ਸ਼ਮਸ਼ਾਨ ਘਾਟ ਦੇ ਨੇੜੇ ਪ੍ਰਵਾਸੀਆਂ ਦੀਆਂ ਪੰਜ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਝੁੱਗੀਆਂ ਅੰਦਰ ਪਿਆ ਖਾਣ ਪੀਣ ਅਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਝੁੱਗੀਆਂ ਬਣਾ ਕੇ ਆਪਣੇ ਪਰਿਵਾਰ ਸਮੇਤ ਇਨ੍ਹਾਂ 'ਚ ਰਹਿ ਰਹੇ ਹਨ | ਅੱਜ ਸਵੇਰੇ ਕਰੀਬ ਦੋ ਕੁ ਵਜੇ ਅਚਾਨਕ ਉਨ੍ਹਾਂ ਦੀ ਇਕ ਝੁੱਗੀ ਨੂੰ ਅੱਗ ਲੱਗ ਗਈ, ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਦੂਜੀਆਂ ਝੁੱਗੀਆਂ 'ਚੋਂ ਸੁੱਤੇ ਪਏ ਸਾਰੇ ਪਰਿਵਾਰਾਂ ਨੂੰ ਬਾਹਰ ਕੱਢਿਆ ਅਤੇ ਇਸ ਅੱਗ 'ਤੇ ਕਾਬੂ ਪਾਉਣ ਲੱਗ ਪਏ ਪਰ ਅੱਗ 'ਤੇ ਕਾਬੂ ਨਹੀਂ ਪਿਆ ਫਿਰ ਤੁਰੰਤ ਫਾਇਰ ਬਿ੍ਗੇਡ ਦੀ ਗੱਡੀ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ | ਜਿਸ ਨੇ ਅੱਗ ਦੇ ਕਾਬੂ ਪਾਇਆ ਪਰ ਉਦੋਂ ਤੱਕ ਝੁੱਗੀਆਂ ਵਿਚ ਪਿਆ ਹੋਇਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ | ਅੱਗ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਡਿਊਟੀ ਅਫ਼ਸਰ ਏ. ਐਸ. ਆਈ. ਜਸਵਿੰਦਰ ਪਾਲ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ | ਪ੍ਰਵਾਸੀ ਮਜ਼ਦੂਰਾਂ ਦਾ ਖਾਣ ਪੀਣ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ ਤਾਂ ਏ. ਐਸ. ਆਈ. ਜਸਵਿੰਦਰ ਪਾਲ ਨੇ ਆਪਣੀ ਜੇਬ 'ਚੋਂ ਪੀੜਤ ਪੰਜੇ ਪਰਿਵਾਰਾਂ ਨੂੰ ਖਾਣ ਪੀਣ ਦਾ ਸਾਮਾਨ ਖਰੀਦ ਕੇ ਦਿੱਤਾ |