ਰਾਜਪੁਰਾ, 16 ਜੂਨ (ਜੀ. ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਦੁਕਾਨ ਦੇ ਗੱਲੇਂ 'ਚੋਂ ਦਿਨ-ਦਿਹਾੜੇ ਇਕ ਲੱਖ 15 ਹਜ਼ਾਰ ਦੀ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਇਕ ਨਾਮਜ਼ਦ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪੂਰਨ ਸਿੰਘ ਪੁੱਤਰ ਧਰਮ ਚੰਦ ਨੇ ਥਾਣਾ ਸ਼ਹਿਰੀ 'ਚ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਵਰਮਾ ਟੀ. ਵੀ. ਨਾਂਅ ਦੀ ਮਹਾਂਵੀਰ ਮਾਰਕੀਟ 'ਚ ਦੁਕਾਨ ਹੈ | ਦੁਪਹਿਰ ਕਰੀਬ 3 ਵਜੇ ਜਦੋਂ ਉਹ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਕਿਸੇ ਕੰਮ ਦੇ ਸੰਬੰਧ 'ਚ ਚਲਾ ਗਿਆ | ਜਦੋਂ ਵਾਪਸ ਆ ਕੇ ਦੇਖਿਆ ਕਿ ਦੁਕਾਨ ਦੇ ਗੱਲੇ 'ਚੋਂ ਇਕ ਲੱਖ 15 ਹਜ਼ਾਰ ਰੁਪਏ ਗਾਇਬ ਸਨ | ਜਿਸ 'ਤੇ ਸ਼ਹਿਰੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਪਾਰਟੀ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੇਖਿਆ ਕਿ ਸੋਨੂੰ ਪੁੱਤਰ ਅਸ਼ੋਕ ਕੁਮਾਰ ਵਾਸੀ ਝਾਂਸਾ ਨੇੜੇ ਕਿ੍ਸ਼ਨਾ ਪੈਲੇਸ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਤੇ ਹੋਰ ਅਣਪਛਾਤੇ ਵਿਅਕਤੀ ਨੇ ਦੁਕਾਨ 'ਚੋਂ ਚੋਰੀ ਕੀਤੀ ਹੈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |