ਪਾਤੜਾਂ, 17 ਜੂਨ (ਜਗਦੀਸ਼ ਸਿੰਘ ਕੰਬੋਜ)-ਕੁਝ ਦਿਨਾਂ ਤੋਂ ਪਾਤੜਾਂ ਇਲਾਕੇ ਦੇ ਪੱਤਰਕਾਰ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਮਾਮਲਾ ਠੰਢਾ ਨਹੀ ਹੋਇਆ ਕਿ ਬੀਤੇ ਦਿਨ ਇਕ ਹੋਰ ਪੱਤਰਕਾਰ 'ਤੇ ਉਸ ਦੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੇ ਘਰ ਤੱਕ ਪੁੱਜ ਕੇ ਕੁੱਟ ਮਾਰ ਕੀਤੇ ਜਾਣ ਦਾ ਯਤਨ ਕੀਤਾ ਗਿਆ | ਜਿਸ ਦੇ ਸੰਬੰਧ ਵਿਚ ਜਿੱਥੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਉੱਥੇ ਹੀ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਮੀਡੀਆ ਕਲੱਬ ਪਾਤੜਾਂ ਨੇ ਹਮਲਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਮੀਡੀਆ ਕਲੱਬ ਪਾਤੜਾਂ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰਜੀਤ ਮੋਦਗਿਲ ਵਾਸੀ ਬ੍ਰਾਹਮਣਮਾਜਰਾ ਨੇ ਦੱਸਿਆ ਕਿ ਉਸ ਦੀ ਪਰਮਜੀਤ ਸ਼ਰਮਾ ਨਾਲ ਪੁਰਾਣੀ ਰੰਜਸ਼ ਹੈ ਦੋਵੇਂ ਧਿਰਾਂ ਦੀਆਂ ਜ਼ਮਾਨਤਾਂ ਹੋਈਆਂ ਹਨ, ਪਿਛਲੀ ਰੰਜਸ਼ ਦੇ ਚੱਲਦਿਆਂ ਉਸ ਦਾ ਵਿਰੋਧੀ ਉਸ ਨਾਲ ਖੇਤ ਨੂੰ ਜਾਂਦੇ-ਆਉਂਦੇ ਸਮੇਂ ਲੜਾਈ ਦੀ ਤਾਕ ਵਿਚ ਰਹਿੰਦਾ ਹੈ | ਅੱਜ ਉਹ ਆਪਣੇ ਖੇਤ ਤੋਂ ਐਕਟਿਵਾ 'ਤੇ ਘਰ ਨੂੰ ਆ ਰਿਹਾ ਸੀ, ਸਾਹਮਣੇ ਤੋਂ ਉਕਤ ਆਪਣੇ ਮੋਟਰਸਾਈਕਲ ਪਰ ਆ ਰਿਹਾ ਸੀ, ਉਸ ਨੇ ਜਾਣ ਬੁੱਝ ਕੇ ਮੋਟਰਸਾਈਕਲ ਦੀ ਸਾਈਡ ਮਾਰ ਕੇ ਉਸ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਮੋਟਰਸਾਈਕਲ ਖੜਾ ਕਰਕੇ ਗਾਲੀ ਗਲੋਚ ਕਰਦਿਆਂ ਸਿੱਧੀ ਟੱਕਰ ਮਾਰ ਕੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ | ਪੱਤਰਕਾਰ ਮੋਦਗਿੱਲ ਨੇ ਦੱਸਿਆ ਹੈ ਕਿ ਉਹ ਦੁਬਾਰਾ ਸਕੂਟਰੀ 'ਤੇ ਖੇਤ ਨੂੰ ਜਾ ਰਿਹਾ ਸੀ, ਤਾਂ ਪਿਉ ਪੁੱਤਰ ਹਮਲਾ ਕਰਨ ਦੀ ਨੀਅਤ ਨਾਲ ਰਸਤੇ ਵਿਚ ਖੜੋ ਗਏ ਪਰ ਖੇਤਾਂ ਵਿਚ ਬੰਦੇ ਜ਼ਿਆਦਾ ਹੋਣ ਕਰਕੇ ਉਹ ਉਸ 'ਤੇ ਹਮਲਾ ਨਹੀਂ ਕਰ ਸਕੇ | ਉਨ੍ਹਾਂ ਕਿਹਾ ਹੈ ਕਿ ਉਕਤ ਵਿਅਕਤੀਆਂ ਤੋਂ ਉਸ ਦੇ ਪਰਿਵਾਰਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਉਨ੍ਹਾਂ ਘੱਗਾ ਪੁਲੀਸ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ | ਥਾਣਾ ਘੱਗਾ ਦੇ ਇੰਚਾਰਜ ਜਸਪਾਲ ਸ਼ਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਪਰਮਿੰਦਰ ਮੋਦਗਿਲ ਵਲੋਂ ਇਕ ਦਰਖਾਸਤ ਆਈ ਹੋਈ ਹੈ ਜਿਸ 'ਤੇ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਹੈ ਕਿ ਪੜਤਾਲ ਉਪਰੰਤ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ |