ਪਟਿਆਲਾ, 17 ਜੂਨ (ਧਰਮਿੰਦਰ ਸਿੰਘ ਸਿੱਧੂ)-ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਕਿਹਾ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ | ਇਸ ਲਈ ਆਰ. ਟੀ. ਓ. ਦਫ਼ਤਰ ਵਲੋਂ ਸਮਾਂ ਸਾਰਨੀ ਤਿਆਰ ਕਰ ਲਈ ਗਈ ਹੈ ਤੇ ਜੁਲਾਈ ਮਹੀਨੇ ਤੋਂ ਵਾਹਨਾਂ ਦੀ ਚੈਕਿੰਗ ਜ਼ਿਲ੍ਹੇ ਦੀ ਹਰੇਕ ਸਬ ਡਵੀਜ਼ਨ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਾਲਿਸੀ ਮੁਤਾਬਿਕ ਵਾਹਨਾਂ ਦੀ ਚੈਕਿੰਗ ਵਾਲੀ ਟੀਮ ਵਿਚ ਐੱਸ. ਡੀ. ਐੱਮ. ਦਫ਼ਤਰ, ਆਰ. ਟੀ. ਓ. ਦਫ਼ਤਰ, ਸਿੱਖਿਆ ਵਿਭਾਗ, ਪੁਲਿਸ, ਈ.ਓ. ਤੇ ਏ.ਐੱਮ.ਈ. (ਪੰਜਾਬ ਰੋਡਵੇਜ਼) ਮੈਂਬਰ ਵਜੋਂ ਸ਼ਾਮਿਲ ਹੋਣਗੇ | ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਟਰੈਫ਼ਿਕ ਸਮੱਸਿਆ ਦੇ ਹੱਲ 'ਤੇ ਚਰਚਾ ਕਰਦਿਆਂ ਪਾਸੀ ਰੋਡ 'ਤੇ ਹਨੂਮਾਨ ਮੰਦਰ ਨੇੜੇ ਜੇਲ੍ਹ ਰੋਡ ਨੂੰ ਜੋੜਦੇ ਪੁਲ ਨਾਲ ਸਲਿਪ ਰੋਡ ਬਣਾਉਣ ਤੇ ਭਾਦਸੋਂ ਰੋਡ ਤੋਂ ਮਿੰਨੀ ਸਕੱਤਰੇਤ ਵੱਲ ਥਾਪਰ ਚੌਕ ਕੋਲ ਸਲਿਪ ਰੋਡ ਬਣਾਉਣ ਸਬੰਧੀ ਹੁਣ ਤੱਕ ਕੀਤੀ ਗਈ ਕਾਰਵਾਈ ਸੰਬੰਧੀ ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਥਾਵਾਂ ਦੇ ਸਕੈਚ ਤਿਆਰ ਹਨ ਤੇ ਸੰਬੰਧਿਤ ਵਿਭਾਗਾਂ ਨਾਲ ਰਾਬਤਾ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸੰਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸੇ ਤਰ੍ਹਾਂ ਏ. ਡੀ. ਸੀ. ਵਲੋਂ ਨਾਭਾ ਦੇ ਦੁਲੱਦੀ ਗੇਟ ਨੇੜੇ ਤੇ ਪਟਿਆਲਾ ਦੇ ਭਾਦਸੋਂ ਰੋਡ 'ਤੇ ਟਿਵਾਣਾ ਚੌਕ ਵਿਖੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਯੋਜਨਾ ਬਣਾਉਣ ਲਈ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਗਈ | ਏ. ਡੀ. ਸੀ. ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਸਕੂਲ ਪੱਧਰੀ ਟਰਾਂਸਪੋਰਟ ਕਮੇਟੀਆਂ ਦੀ ਸਮੀਖਿਆ ਕੀਤੀ ਜਾਵੇ ਜਿਹੜੇ ਸਕੂਲ ਵਿਚ ਕਮੇਟੀ ਦਾ ਗਠਨ ਨਹੀਂ ਹੋਇਆ ਹੈ ਉਥੇ ਇਸ ਕਮੇਟੀ ਦਾ ਗਠਨ ਕਰਨਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲ ਬੱਸਾਂ ਦੇ ਡਰਾਈਵਰ ਤੇ ਕੰਡਕਟਰਾਂ ਦੀ ਟਰੇਨਿੰਗ ਵੀ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਰਿਜਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਵਿਭਾਗ ਵਲੋਂ ਟੀਮਾਂ ਬਣਾ ਕੇ ਸਕੂਲ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਤੇ ਸਕੂਲੀ ਵਾਹਨਾਂ ਦੀ 30 ਮਾਪਦੰਡਾਂ 'ਤੇ ਚੈਕਿੰਗ ਹੁੰਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਹੋਣ 'ਤੇ ਤੁਰੰਤ ਚਲਾਨ ਕੀਤਾ ਜਾਂਦਾ ਹੈ | ਐੱਸ.ਪੀ. ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਵੱਲੋਂ 272 ਸਕੂਲ ਵਾਹਨਾਂ ਦੇ ਚਲਾਨ ਕੀਤੇ ਗਏ ਹਨ | ਇਸ ਤੋਂ ਇਲਾਵਾ ਤੇਜ ਵਾਹਨ ਚਲਾਉਣ ਵਾਲੇ ਲੋਕਾਂ ਦੇ 1050 ਚਲਾਨ ਵੀ ਕੱਟੇ ਗਏ ਹਨ | ਇਸ ਤੋਂ ਇਲਾਵਾ ਐਜੂਕੇਸ਼ਨ ਸੈਲ ਵਲੋਂ 221 ਲੈਕਚਰ ਸਕੂਲਾਂ ਤੇ ਟਰੱਕ ਯੂਨੀਅਨਾਂ ਵਿਚ ਲਗਾਏ ਗਏ ਹਨ | ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਪਾਲਣਾ ਰਿਪੋਰਟ 15 ਦਿਨਾਂ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਹਦਾਇਤ ਵੀ ਕੀਤੀ | ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਡੀ.ਈ.ਓ. ਮਨਵਿੰਦਰ ਕੌਰ, ਡੀ.ਡੀ.ਪੀ.ਓ. ਮਹਿੰਦਰਜੀਤ ਸਿੰਘ, ਡਾ. ਦਿਵਜੋਤ ਸਿੰਘ, ਪਟਿਆਲਾ ਫਾਊਾਡੇਸ਼ਨ ਦੇ ਮੁਖੀ ਰਵੀ ਆਹਲੂਵਾਲੀਆ ਵੀ ਮੌਜੂਦ ਸਨ |